ਓਡੀਸ਼ਾ : ਭ੍ਰਿਸ਼ਟਾਚਾਰ ਵਿਰੋਧੀ ਚੌਕਸੀ ਵਿਭਾਗ ਦੀ ਇੱਕ ਟੀਮ ਨੇ ਬੁੱਧਵਾਰ ਨੂੰ ਓਡੀਸ਼ਾ ਦੇ ਇੱਕ ਸਰਕਾਰੀ ਅਧਿਕਾਰੀ ਦੇ ਘਰ ਛਾਪੇਮਾਰੀ ਦੌਰਾਨ ਲਗਭਗ 1.5 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਨੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ਾਂ ਵਿੱਚ ਵਾਟਰਸ਼ੈੱਡ, ਮਲਕਾਨਗਿਰੀ ਦੇ ਡਿਪਟੀ ਡਾਇਰੈਕਟਰ ਸ਼ਾਂਤਨੂ ਮੋਹਾਪਾਤਰਾ ਦੇ ਘਰ ਛਾਪਾ ਮਾਰਿਆ।ਵਿਜੀਲੈਂਸ ਵਿਭਾਗ ਵੱਲੋਂ ਜਾਰੀ ਇੱਕ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਤਲਾਸ਼ੀ ਮੁਹਿੰਮ ਦੌਰਾਨ ਲਗਭਗ 1.5 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।
ਵਿਭਾਗ ਨੇ ਕਿਹਾ ਕਿ ਓਡੀਸ਼ਾ ਵਿਜੀਲੈਂਸ ਵਿਭਾਗ ਦੀ ਕਾਰਵਾਈ ਇੱਕ ਵਿਸ਼ੇਸ਼ ਟੀਮ ਦੁਆਰਾ ਕੀਤੀ ਜਾ ਰਹੀ ਹੈ ਜਿਸ ਵਿੱਚ ਦੋ ਸਹਾਇਕ ਪੁਲਿਸ ਸੁਪਰਡੈਂਟ (ਏਐਸਪੀ), ਚਾਰ ਡਿਪਟੀ ਪੁਲਿਸ ਸੁਪਰਡੈਂਟ (ਡੀਐਸਪੀ), ਦਸ ਇੰਸਪੈਕਟਰ, ਛੇ ਸਹਾਇਕ ਸਬ-ਇੰਸਪੈਕਟਰ (ਏਐਸਆਈ) ਅਤੇ ਹੋਰ ਸਹਾਇਕ ਸਟਾਫ ਸ਼ਾਮਲ ਹਨ। ਇਹ ਤਲਾਸ਼ੀ ਵਿਸ਼ੇਸ਼ ਜੱਜ ਵਿਜੀਲੈਂਸ, ਜੈਪੁਰ ਦੁਆਰਾ ਜਾਰੀ ਕੀਤੇ ਗਏ ਸਰਚ ਵਾਰੰਟ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮਲਕਾਨਗਿਰੀ, ਕਟਕ ਅਤੇ ਭੁਵਨੇਸ਼ਵਰ ਸਮੇਤ ਕੁੱਲ ਸੱਤ ਥਾਵਾਂ ‘ਤੇ ਛਾਪੇਮਾਰੀ ਜਾਰੀ ਹੈ। ਮਹਾਪਾਤਰਾ ਨਾਲ ਜੁੜੇ ਲੋਕਾਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।