ਪਲਵਲ, 3 ਫਰਵਰੀ : ਹਰਿਆਣਾ ਦੇ ਪਲਵਲ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਇਸ ਵਿੱਚ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਢੇਰ ਕਰ ਦਿੱਤਾ। ਪੁਲਿਸ ਨੇ ਦੋਵਾਂ ਬਦਮਾਸ਼ਾਂ ‘ਤੇ 1-1 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਬਦਮਾਸ਼ਾਂ ਦੀ ਪਛਾਣ ਜ਼ੋਰਾਵਰ ਅਤੇ ਨੀਰਜ ਉਰਫ ਨੀਰੀਆ ਵਜੋਂ ਹੋਈ ਹੈ। ਦੋਵੇਂ ਰੇਵਾੜੀ ਦੇ ਰਹਿਣ ਵਾਲੇ ਸਨ।
ਸੂਤਰਾਂ ਮੁਤਾਬਕ ਦੋਵੇਂ ਬਦਮਾਸ਼ ਇੱਕ ਬਦਨਾਮ ਗੈਂਗਸਟਰ ਦੇ ਸ਼ੂਟਰ ਸਨ। ਫ਼ਿਲਹਾਲ ਸੀਆਈਏ ਦੀ ਟੀਮ ਜਾਂਚ ਵਿੱਚ ਲੱਗੀ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਟੀਮ ਬਦਮਾਸ਼ਾਂ ਦੇ ਹੋਰ ਸਾਥੀਆਂ ਦੀ ਭਾਲ ਵਿੱਚ ਵੀ ਰੁੱਝੀ ਹੋਈ ਹੈ ਜੋ ਅਜੇ ਫ਼ਰਾਰ ਹਨ। ਪਲਵਲ-ਨੂਹ ਰੋਡ ‘ਤੇ ਲਾਲਵਾ ਪਿੰਡ ਨੇੜੇ ਸੀਆਈਏ ਟੀਮ ਅਤੇ ਬਦਮਾਸ਼ਾਂ ਵਿਚਾਲੇ ਦੇਰ ਰਾਤ ਮੁਕਾਬਲਾ ਹੋਇਆ। ਬਦਮਾਸ਼ਾਂ ਨੇ ਪਹਿਲਾਂ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਸੀਆਈਏ ਇੰਚਾਰਜ ਪੀਐਸਆਈ ਦੀਪਕ ਗੁਲੀਆ ਅਤੇ ਉਨ੍ਹਾਂ ਦੀ ਟੀਮ ਦੇ ਕੁਲਦੀਪ ਅਤੇ ਨਰਿੰਦਰ ਨੂੰ ਗੋਲੀਆਂ ਲੱਗੀਆਂ।
ਹਾਲਾਂਕਿ, ਤਿੰਨੋਂ ਪੁਲਿਸ ਵਾਲੇ ਬਚ ਗਏ ਕਿਉਂਕਿ ਉਨ੍ਹਾਂ ਨੇ ਬੁਲੇਟਪਰੂਫ ਜੈਕਟਾਂ ਪਾਈਆਂ ਹੋਈਆਂ ਸਨ। ਇਸ ਤੋਂ ਬਾਅਦ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਇੱਕ ਬਦਮਾਸ਼ ਨੂੰ 2 ਗੋਲੀਆਂ ਅਤੇ ਦੂਜੇ ਨੂੰ 3 ਗੋਲੀਆਂ ਲੱਗੀਆਂ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਦਮਾਸ਼ ਕੋਈ ਵੱਡੀ ਵਾਰਦਾਤ ਕਰਨ ਦੇ ਇਰਾਦੇ ਨਾਲ ਪਲਵਲ ਆਏ ਸਨ। ਇਸ ਤੋਂ ਪਹਿਲਾਂ ਇਨ੍ਹਾਂ ਬਦਮਾਸ਼ਾਂ ਨੇ ਪਿੰਡ ਜੌਹਰਖੇੜਾ ਦੇ ਸਰਪੰਚ ਮਨੋਜ ਅਤੇ ਉਸ ਦੇ ਸਾਥੀਆਂ ‘ਤੇ ਜਾਨਲੇਵਾ ਹਮਲਾ ਕੀਤਾ ਸੀ।