ਬਠਿੰਡਾ, 1 ਫਰਵਰੀ (ਵੀਰਪਾਲ ਕੌਰ)- ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਆਰੰਭ ਕੀਤੀਆਂ ਵਿਧਾਨ ਸਭਾ ਹਲਕਾ ਫੂਲ ਚ ਵਰਕਰ ਮਿਲਣੀਆਂ ਲਗਾਤਾਰ ਜਾਰੀ ਹਨ। ਅੱਜ ਨੁਕੜ ਵਰਕਰ ਮਿਲਣੀਆਂ ਦੇ ਤਹਿਤ ਤੀਸਰੇ ਦਿਨ ਕਾਂਗੜ, ਦੁੱਲੇਵਾਲਾ, ਸਲਾਬਤਪੁਰਾ, ਸੰਧੂ ਖੁਰਦ, ਰਾਜਗੜ੍ਹ ਅਤੇ ਆਦਮਪੁਰਾ ਵਿਖੇ ਭਰਵੀਆਂ ਵਰਕਰ ਮਿਲਣੀਆਂ ਕੀਤੀਆਂ।
ਮੀਟਿੰਗਾਂ ਚ ਜਿੱਥੇ ਸਾਬਕਾ ਮੰਤਰੀ ਮਲੂਕਾ ਪੰਜਾਬ ਦੇ ਮੌਜੂਦਾ ਹਲਾਤਾਂ ‘ਤੇ ਗੱਲ ਕਰਦੇ ਹਨ ਉਥੇ ਹੀ ਓਹ ਹਰ ਇੱਕ ਵਰਕਰ ਨਾਲ ਸਿੱਧਾ ਰਾਬਤਾ ਕਰ ਰਹੇ ਹਨ। ਮਲੂਕਾ ਪਿੰਡ ਪੱਧਰ ਅਤੇ ਵਰਕਰਾਂ ਦੀਆ ਨਿੱਜੀ ਮੁਸ਼ਕਿਲਾ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕਰਦੇ ਨਜ਼ਰ ਆਏ। ਕਾਂਗੜ ਅਤੇ ਸਲਾਬਤਪੁਰਾ ਆਦਿ ਪਿੰਡਾਂ ਚ ਵਰਕਰਾਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮਲੂਕਾ ਨੇ ਕਿਹਾ ਹਲਕਾ ਫੂਲ ਦੇ ਵਰਕਰਾਂ ਨਾਲ ਮੇਰੀ ਪੰਜ ਦਹਾਕਿਆ ਤੋ ਵੀ ਵੱਧ ਸਮੇਂ ਦੀ ਅਟੁੱਟ ਸਾਂਝ ਹੈ, ਜੋ ਹਮੇਸ਼ਾ ਕਾਇਮ ਰਹੇਗੀ । ਹਲਕੇ ਦੇ ਲੋਕ ਪਿੰਡ ਪੱਧਰ ਦੀਆਂ ਸਾਂਝੀਆਂ ਮੁਸ਼ਕਿਲਾਂ ਦੇ ਨਾਲ ਨਾਲ਼ ਨਿੱਜੀ ਸਮੱਸਿਆ ਦੇ ਹੱਲ ਲਈ ਕਦੇ ਵੀ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਉਹ ਹਮੇਸ਼ਾ ਹਲਕਾ ਵਾਸੀਆਂ ਲਈ ਹਾਜ਼ਰ ਹਨ।
ਸੂਬੇ ਦੇ ਮੌਜੂਦਾ ਹਾਲਾਤ ਤੇ ਚਿੰਤਾ ਪ੍ਰਗਟ ਕਰਦਿਆਂ ਮਲੂਕਾ ਨੇ ਕਿਹਾ ਕਿ ਪੰਜਾਬ ‘ਚ ਨਸ਼ੇ ਦੀ ਸਮੱਸਿਆ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ ਸਰਕਾਰ ਵੱਡੇ ਨਸ਼ਾ ਕਾਰੋਬਾਰੀਆਂ ਨੂੰ ਫੜਨ ਚ ਨਾਕਾਮ ਰਹੀ ਹੈ ਤੇ ਸੱਤਾ ਧਾਰੀਆਂ ਤੇ ਪੁਲਿਸ ਪ੍ਰਸ਼ਾਸ਼ਨ ਦੀ ਸ਼ਹਿ ‘ਤੇ ਨਸ਼ੇ ਦੇ ਸੌਦਾਗਰ ਵਧ ਫੁਲ ਰਹੇ ਹਨ। ਸਰਕਾਰ ਨੌਜਵਾਨ ਵਰਗ ਨੂੰ ਰੋਜ਼ਗਾਰ ਦੇਣ ‘ਚ ਵੀ ਅਸਫ਼ਲ ਰਹੀ ਹੈ। ਸਰਕਾਰ ਦਾ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਵੱਲ ਕੋਈ ਧਿਆਨ ਨਹੀਂ ਹੈ। ਮੁੱਖ ਮੰਤਰੀ ਤੇ ਸਮੁੱਚੀ ਕੈਬਨਿਟ ਤੇ ਵਿਧਾਇਕਾ ਤੋਂ ਇਲਾਵਾ ਛੋਟੇ ਵੱਡੇ ਸਾਰੇ ਆਗੂ ਡੇਢ ਮਹੀਨੇ ਤੋਂ ਦਿੱਲੀ ਬੈਠੇ ਹਨ। ਪੰਜਾਬ ਦੇ ਸੈਕਟ੍ਰੇਟ ‘ਚ ਸੁੰਨ ਪਸਰੀ ਹੋਈ ਹੈ ਤੇ ਸੂਬਾ ਅਫ਼ਸਰਸ਼ਾਹੀ ਤੇ ਰੱਬ ਆਸਰੇ ਛੱਡਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਚ ਆਉਣ ਵਾਲੀਆਂ ਹਲਕਾ ਫੂਲ ਅਤੇ ਵਰਕਰਾਂ ਦੀਆ ਸਮੱਸਿਆਵਾਂ ਦੇ ਹੱਲ ਲਈ ਉਹ ਸਿਵਲ ਤੇ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕਰਨਗੇ।