ਬਠਿੰਡਾ , 1 ਫਰਵਰੀ (ਵੀਰਪਾਲ ਕੌਰ)- ਬਦਲਾਅ ਦੇ ਨਾਮ ‘ਤੇ ਆਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਬਦਲਾਵ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਪੰਜਾਬ ਵਾਸੀਆਂ ਨੂੰ ਮੁਢਲੀਆਂ ਸਹੂਲਤਾਂ ਤੋਂ ਹੀ ਵਾਂਝਾ ਕਰਨਾ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਲੋਕਾਂ ਨੂੰ ਨਹਿਰ ਬੰਦੀ ਦੇ ਨਾਮ ‘ਤੇ ਲਗਾਤਾਰ ਪੀਣ ਵਾਲੇ ਪਾਣੀ ਤੋਂ ਵੰਚਿਤ ਕੀਤਾ ਜਾ ਰਿਹਾ ਹੈ, ਜਿਸ ਕਾਰਨ ਬਠਿੰਡਾ ਸ਼ਹਿਰ ਵਿੱਚ ਪਾਣੀ ਦੀ ਕਮੀ ਹੋਣ ਨਾਲ ਤ੍ਰਾਹੀ ਤ੍ਰਾਹੀ ਮੱਚ ਗਈ ਹੈ।
ਉਪਰੋਕਤ ਗੱਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਹੀਆਂ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕੁਦਰਤ ਦੀ ਸਭ ਤੋਂ ਵੱਡੀ ਦੇਣ ਪਾਣੀ ਤੋਂ ਲੋਕਾਂ ਨੂੰ ਨਹਿਰ ਬੰਦੀ ਦੇ ਨਾਮ ‘ਤੇ ਵਾਂਝਾ ਕਰਨ ਲਈ ਆਪ ਸਰਕਾਰ ਨੇ ਸਾਲ 2024-25 ਦੇ ਸਮੇਂ ਦੌਰਾਨ ਕਰੀਬ 6 ਵਾਰ ਨਹਿਰ ਬੰਦੀ ਕਰਕੇ ਪਾਣੀ ਦੀ ਕਮੀਂ ਨਾਲ ਆਮ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ। ਅਕਾਲੀ ਆਗੂ ਨੇ ਕਿਹਾ ਕਿ ਪਾਣੀ ਦੇ ਇਸ ਮੁੱਦੇ ਉੱਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਬੋਲਣ ਤੋਂ ਗ਼ੁਰੇਜ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਖਰ ਇੱਕ ਸਾਲ ਦੇ ਅੰਤਰਾਲ ਵਿੱਚ ਇਨੀਂ ਵਾਰ ਨਹਿਰ ਬੰਦੀ ਕੀਤੀ ਗਈ, ਤਾਂ ਫਿਰ ਪੰਜਾਬ ਦਾ ਇਹ ਪਾਣੀ ਕਿਥੇ ਜਾ ਰਿਹਾ ਹੈ। ਹਲਕਾ ਇੰਚਾਰਜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਸਰਕਾਰ ਸਮੇਂ ਕੁਦਰਤ ਦੇ ਇਸ ਪ੍ਰਮੁੱਖ ਸ਼੍ਰੋਤ ਲਈ ਬੜੇ ਹੀ ਸੁਚੱਜੇ ਢੰਗ ਨਾਲ ਦੇਖਭਾਲ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਸਾਲ ਵਿੱਚ ਸਿਰਫ਼ ਇੱਕ ਵਾਰ ਹੀ ਨਹਿਰ ਬੰਦੀ ਕੀਤੀ ਜਾਂਦੀ ਸੀ ਅਤੇ ਉਹ ਵੀ ਕਰੀਬ ਇੱਕ ਹਫ਼ਤੇ ਤੋਂ ਜਿਆਦਾ ਨਹੀਂ ਹੋਈ ਤੇ ਉਸ ਸਮੇਂ ਦੌਰਾਨ ਲੋਕਾਂ ਨੂੰ ਪਾਣੀ ਦੀ ਕਮੀਂ ਵੀ ਮਹਿਸੂਸ ਨਹੀਂ ਹੋਣ ਦਿੱਤੀ ਜਾਂਦੀ ਸੀ।
ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਨਹਿਰ ਬੰਦੀ ਕਰਨ ਲਈ ਸਮੇਂ ਦਾ ਵੀ ਧਿਆਨ ਰੱਖਿਆ ਜਾਂਦਾ ਸੀ, ਪਰ ਬਦਲਾਅ ਵਾਲੀ ਆਪ ਸਰਕਾਰ ਵੱਲੋਂ ਆਪਣੀ ਮਨਮਰਜ਼ੀ ਕਰਦਿਆਂ ਨਹਿਰ ਬੰਦੀ ਕੀਤੀ ਜਾ ਰਹੀ ਹੈ, ਜੋ ਕਰੀਬ ਦੋ ਤੋਂ ਤਿੰਨ ਹਫ਼ਤੇ ਤੱਕ ਜਾਰੀ ਰਹਿੰਦੀ ਹੈ ਅਤੇ ਇਸ ਸਾਲ ਦੀ ਸ਼ੁਰੂਆਤ ਵਿੱਚ ਹੋਈ ਨਹਿਰ ਬੰਦੀ ਨੂੰ ਕਰੀਬ ਇੱਕ ਮਹੀਨੇ ਦਾ ਸਮਾਂ ਹੋ ਗਿਆ, ਜਿਸ ਪਾਸੇ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤਾਂ ਦਿੱਲੀ ਚੋਣਾਂ ਵਿੱਚ ਵਿਅਸਤ ਹਨ, ਜਿਨ੍ਹਾਂ ਨੂੰ ਆਪਣੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਦੀ ਹੀ ਚਿੰਤਾ ਹੈ।
ਬਬਲੀ ਢਿੱਲੋਂ ਨੇ ਕਿਹਾ ਕਿ ਇਸੇ ਤਰ੍ਹਾਂ ਸਰਕਾਰ ਵੱਲੋਂ ਚਾਈਨਾ ਡੋਰ ਖਿਲਾਫ ਚਲਾਈ ਗਈ ਮੁਹਿੰਮ ਵੀ ਦਮ ਤੋੜਦੀ ਵਿਖਾਈ ਦੇ ਰਹੀ ਹੈ। ਪ੍ਰਸ਼ਾਸਨ ਵੱਲੋਂ ਸਿਰਫ ਇੱਕ-ਦੋ ਦਿਨ ਹੀ ਉਕਤ ਮੁਹਿੰਮ ਚਲਾਈ ਗਈ ਅਤੇ ਉਸ ਤੋਂ ਬਾਅਦ ਖਾਣਾ ਪੂਰਤੀ ਕਰਦਿਆਂ ਇਸ ਮੁਹਿੰਮ ਨੂੰ ਬੰਦ ਕਰ ਦਿੱਤਾ ਗਿਆ, ਚਾਈਨਾ ਡੋਰ ਦੀ ਵਿਕਰੀ ਅਤੇ ਉਪਯੋਗ ਧੜਲੇ ਨਾਲ ਹੋ ਰਿਹਾ ਹੈ ਅਤੇ ਲੋਕ ਰੋਜ਼ਾਨਾ ਹੀ ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬਦਲਾਅ ਵਾਲੀ ਆਪ ਸਰਕਾਰ ਦੀਆਂ ਮਨਮਰਜ਼ੀਆਂ ਨੂੰ ਵੇਖਦਿਆਂ ਹੁਣ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰਨ ਲੱਗੇ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।