ਬਠਿੰਡਾ 28 ਜਨਵਰੀ(ਵੀਰਪਾਲ ਕੌਰ)- ਪੰਜਾਬ ਦੇ ਇਤਿਹਾਸਿਕ ਸ਼ਹਿਰ ਸ਼੍ਰੀ ਅਮ੍ਰਿਤਸਰ ਸਾਹਿਬ ਵਿਖੇ ਦਿਨ-ਦਿਹਾੜੇ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜਨ ਦੀ ਭਾਰਤੀ ਜਨਤਾ ਪਾਰਟੀ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਕੇ ਅਸਲ ਸੱਚਾਈ ਜਨਤਾ ਸਾਹਮਣੇ ਪੇਸ਼ ਕਰਨ ਦੀ ਗੱਲ ਕਹੀ ਹੈ। ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਇੰਚਾਰਜ ਪਰਮਪਾਲ ਕੌਰ ਸਿੱਧੂ ਰਿਟਾ: ਆਈ.ਏ.ਐੱਸ ਨੇ ਕਿਹਾ ਹੈ ਕਿ ਡਾ: ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਦਿਨ-ਦਿਹਾੜੇ ਤੋੜਨ ਇੱਕ ਵੱਡੀ ਸਾਜਿਸ਼ ਦਾ ਹਿੱਸਾ ਹੈ। ਇਹ ਸਭ ਭਗਵੰਤ ਮਾਨ ਸਰਕਾਰ ਦੀ ਨਲਾਇਕੀ ਦਾ ਨਤੀਜਾ ਹੈ।
ਉਨ੍ਹਾਂ ਕਿਹਾ ਕਿ ਇਹ ਮੂਰਤੀ ਤੋੜਨ ਵਾਲਿਆਂ ਅਤੇ ਇਸ ਪਿੱਛੇ ਕਿਸ ਵਿਅਕਤੀ ਦਾ ਦਿਮਾਗ ਕੰਮ ਕਰ ਰਿਹਾ ਹੈ। ਇਸ ਦੀ ਅਸਲ ਸੱਚਾਈ ਸਰਕਾਰ ਨੂੰ ਲੋਕਾਂ ਸਾਹਮਣੇ ਲਿਆਉਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣੀਆਂ ਚਾਹੀਦੀਆਂ ਹਨ। ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਡਗਮਗਾ ਰਹੀ ਹੈ। ਆਮ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਪੰਜਾਬ ਅੰਦਰ ਦਿਨ-ਦਿਹਾੜੇ ਲੁੱਟਾਂ, ਖੋਹਾ, ਡਾਕੇ, ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪੰਜਾਬ ਸਰਕਾਰ ਇਹ ਸਭ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ। ਅਮ੍ਰਿਤਸਰ ਸਾਹਿਬ ਵਿਖੇ ਅੰਬੇਡਕਰ ਸਾਹਿਬ ਦੀ ਮੂਰਤੀ ਤੋੜਨ ਵੀ ਇਸੇ ਹੀ ਵਾਰਦਾਤ ਦਾ ਹਿੱਸਾ ਹੈ।