ਪਟਿਆਲਾ, 18 ਜਨਵਰੀ -ਕਿਸਾਨ ਜਥੇਬੰਦੀਆਂ ਦੀ ਤਿੰਨਾਂ ਫੋਰਮਾਂ ਦੀ ਮੀਟਿੰਗ ਪਾਤੜਾਂ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਹੋਈ। ਇਸ ਮੀਟਿੰਗ ‘ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨ ਪਾਲ, ਕਿਸਾਨ ਜੂਨੀਅਰ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸਰਵਣ ਸਿੰਘ ਪੰਧੇਰ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਵਿੰਦਰ ਸਿੰਘ ਪਟਿਆਲਾ, ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਵਿੰਦਰ ਸਿੰਘ ਲੱਖੋਵਾਲ ਸਮੇਤ ਹੋਰ ਆਗੂ ਮੌਜੂਦ ਸਨ। ਮੀਟਿੰਗ ਵਿਚ ਜਿੱਥੇ ਸਾਰੀਆ ਜਥੇਬੰਦੀਆਂ ਦੇ ਏਕੇ ਸਬੰਧੀ ਮੰਥਨ ਕੀਤਾ ਗਿਆ ਉਥੇ ਹੀ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂਆਂ ਦੀ ਸਿਹਤ ‘ਤੇ ਚਿੰਤਾ ਵੀ ਪ੍ਰਗਟਾਈ ਗਈ।
ਮੀਟਿੰਗ ਵਿਚ ਸਾਂਝੇ ਤੌਰ ‘ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਖਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ 121 ਕਿਸਾਨਾਂ ਦੀ ਜਾਨ ਬਚਾਉਣ ਲਈ ਛੇਤੀ ਤੋਂ ਛੇਤੀ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਾ ਦੇਵੇ ਤੇ ਕਿਸਾਨੀ ਮੰਗਾਂ ਨੂੰ ਗੰਭੀਰਤਾ ਨਾਲ ਲਵੇ।
ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੀਟਿੰਗ ਦੌਰਾਨ ਪ੍ਰੋਗਰਾਮਾਂ ਦੀ ਏਕਤਾ ਬਾਰੇ ਚਰਚਾ ਹੋਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੂਰਨ ਏਕਤਾ ਨੂੰ ਲੈ ਕੇ ਅਜੇ ਵੀ ਕੁਝ ਦਿੱਕਤਾਂ ਹਨ। ਐਸਕੇਐਮ ਦੇ ਆਗੂਆਂ ਨੇ ਅਜੇ ਸਮਾਂ ਮੰਗਿਆ ਹੈ ਪਰ ਛੇਤੀ ਹੀ ਸਾਰੀਆਂ ਜਥੇਬੰਦੀਆਂ ਦੀ ਸਹਿਮਤੀ ਬਣਨ ਦੇ ਆਸਾਰ ਹਨ।
ਇਸ ਮੌਕੇ ਕਿਸਾਨ ਆਗੂ ਮਨਜੀਤ ਰਾਏ ਨੇ ਕਿਹਾ ਕਿ ਸਾਡੀ ਸਾਰਿਆਂ ਦੀ ਲੜਾਈ ਸਾਂਝੀ ਹੈ ਤੇ ਉਹ ਲੜਾਈ ਕੇਂਦਰ ਦੀ ਜ਼ਾਲਮ ਮੋਦੀ ਸਰਕਾਰ ਵਿਰੁਧ ਹੈ। ਇਸ ਲਈ ਅਸੀਂ ਇਕੱਠੇ ਹੋ ਕੇ ਲੜਾਂਗੇ ਵੀ ਤੇ ਜਿੱਤਾਂਗੇ ਵੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿੱਲੀ ਅੰਦੋਲਨ ਤੋਂ ਪਹਿਲਾਂ ਭਾਵੇਂ ਸਾਰੀਆਂ ਜਥੇਬੰਦੀਆਂ ਵੱਖ-ਵੱਖ ਸਨ ਪਰ ਲੋਕਾਂ ਦੇ ਦਬਾਅ ਕਾਰਨ ਸਾਰੀਆਂ ਜਥੇਬੰਦੀਆਂ ਇਕ ਹੋਈਆਂ ਤੇ ਲੜਾਈ ਜਿੱਤੀ। ਇਸੇ ਤਰ੍ਹਾਂ ਅੱਜ ਵੀ ਲੋਕਾਂ ਦਾ ਦਬਾਅ ਬਣਨ ਰਿਹਾ ਹੈ ਤੇ ਆਸਾਰ ਹੈ ਕਿ ਸਾਰੀਆਂ ਜਥੇਬੰਦੀਆਂ ਇਕੋ ਸਟੇਜ ‘ਤੇ ਇਕੱਠੀਆਂ ਹੋਣਗੀਆਂ।