ਬਠਿੰਡਾ, 11 ਜਨਵਰੀ -(ਵੀਰਪਾਲ ਕੌਰ )ਸਥਾਨਕ ਚਿਲਡਰਨ ਪਾਰਕ ਵਿਖੇ ਬਠਿੰਡਾ ਕੈਂਟ ਐਮ.ਈ.ਐਸ.ਵਿਖੇ ਕੰਮ ਕਰਦੇ ਵਰਕਰਾਂ ਦੀ ਅਹਿਮ ਮੀਟਿੰਗ ਯੂਨੀਅਨ ਦੇ ਮੀਤ ਪ੍ਰਧਾਨ ਸਾਥੀ ਕਰਮਜੀਤ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਪੰਜਾਬ ਸੀਟੂ ਦੇ ਸੂਬਾਈ ਆਗੂ ਸਾਥੀ ਬਲਕਾਰ ਸਿੰਘ ਹਾਜ਼ਰ ਹੋਏ।ਇਸ ਸਮੇਂ ਜਥੇਬੰਦੀ ਦੇ ਪ੍ਰਧਾਨ ਸਾਥੀ ਪ੍ਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਕੈਂਟ ਐਮ.ਈ.ਐਸ.ਵਿਖੇ ਲੰਮੇ ਸਮੇਂ ਤੋਂ ਠੇਕੇਦਾਰੀ ਸਿਸਟਮ ਰਾਹੀਂ ਕੰਮ ਕਰ ਰਹੇ ਵਰਕਰਾਂ ਦਾ ਮੁੱਖ ਪ੍ਰਬੰਧਕ ਅਤੇ ਠੇਕੇਦਾਰਾਂ ਦੀ ਮਿਲੀਭੁਗਤ ਕਰਕੇ ਲਗਾਤਾਰ ਸੋਸਣ ਹੋ ਰਿਹਾ ਹੈ। ਨਵੇਂ ਟੈਂਡਰ ਹੋਣ ਦਾ ਬਹਾਨਾ ਬਣਾ ਕੇ ਵਰਕਰਾਂ ਦੀ ਜਬਰੀ ਛਾਂਟੀ ਕੀਤੀ ਜਾਂਦੀ ਹੈ। ਜਿਸ ਦਾ ਵਿਰੋਧ ਕਰਨ ਤੇ ਉਨ੍ਹਾਂ ਦੇ ਗੇਟ ਪਾਸ ਬੰਦ ਕਰ ਦਿੱਤੇ ਜਾਂਦੇ ਹਨ ਨੌਕਰੀ ਜਾਣ ਦੇ ਡਰ ਤੋਂ ਮਜ਼ਦੂਰਾਂ ਨੂੰ ਠੇਕੇਦਾਰ ਦੀਆਂ ਸਾਰੀਆਂ ਸ਼ਰਤਾਂ ਮੰਨਣੀਆਂ ਪੈਂਦੀਆਂ ਹਨ। ਜਾਣਕਾਰੀ ਦਿੰਦਿਆਂ ਆਗੂ ਨੇ ਦੱਸਿਆ ਕਿ ਵਰਕਰਾਂ ਤੋਂ ਉਨ੍ਹਾਂ ਦੀ ਮਹੀਨਾਵਾਰ ਤਨਖ਼ਾਹ ਦਾ ਭੁਗਤਾਨ ਕਰਨ ਤੋਂ ਬਾਅਦ ਕੁੱਝ ਹਿੱਸਾ ਵਾਪਸ ਠੇਕੇਦਾਰ ਵੱਲੋਂ ਵਾਪਸ ਲੈ ਲਿਆ ਜਾਂਦਾ ਹੈ। ਜੋ ਕਿ ਸ਼ਰੇਆਮ ਧੱਕੇਸ਼ਾਹੀ ਅਤੇ ਬੇਇਨਸਾਫ਼ੀ ਹੈ। ਐਮ.ਈ.ਐੱਸ .ਪ੍ਰਬੰਧਕ ਅਤੇ ਠੇਕੇਦਾਰ ਮਿਲ ਕੇ ਜਿੱਥੇ ਮਜ਼ਦੂਰਾਂ ਦੀ ਅੰਨ੍ਹੀ ਲੁੱਟ ਕਰ ਰਹੇ ਹਨ ਉੱਥੇ ਕੇਂਦਰ ਸਰਕਾਰ ਨੂੰ ਵੀ ਲੱਖਾਂ ਰੁਪਏ ਚੂਨਾ ਲਗਾਇਆ ਜਾ ਰਿਹਾ ਹੈ।
ਇਸ ਸਮੇਂ ਯੂਨੀਅਨ ਆਗੂ ਨੇ ਦੱਸਿਆ ਕਿ ਹੁਣ ਲਗਭਗ ਸਾਰੇ ਸੈੱਲ ਇਲੈਟ੍ਰੀਕਲ,ਏ.ਸੀ.ਪਲਾਂਟ,ਜਨਰੇਟਰ ਸੈੱਲ ਅਤੇ ਐਸ.ਟੀ.ਪੀ.ਪੰਪ, ਸਮੇਤ ਸਾਰੇ ਟੈਂਡਰ ਹੋ ਚੁੱਕੇ ਹਨ। ਜਦੋਂ ਕਿ ਜਥੇਬੰਦੀ ਵੱਲੋਂ ਪਹਿਲਾਂ ਹੀ ਚੀਫ ਇੰਜੀਨੀਅਰ ਅਤੇ ਸਾਰੇ ਠੇਕੇਦਾਰ ਨੂੰ ਆਪਣੀਆਂ ਮੰਗਾਂ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।ਇਸ ਸਮੇਂ ਸੂਬਾਈ ਆਗੂ ਨੇ ਕਿਹਾ ਕਿ ਵਰਕਰਾਂ ਨੂੰ ਕੇਂਦਰ ਸਰਕਾਰ ਵੱਲੋਂ ਤਹਿ ਘੱਟੋ -ਘੱਟ ਉਜ਼ਰਤਾਂ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਹੈ ਅਤੇ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕੇਂਦਰ ਸਰਕਾਰ ਦੇ ਰੱਖਿਆ ਮੰਤਰਾਲੇ ਤੋਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਜਦੂਰਾਂ ਦੀਆਂ ਮੰਗਾਂ ਦਾ ਜਲਦ ਹੱਲ ਨਹੀਂ ਕੀਤਾ ਗਿਆ ਤਾਂ ਐਮ.ਈ.ਐਸ.ਪ੍ਰਬੰਧਕਾਂ ਖਿਲਾਫ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਗਿਆਨ ਸਿੰਘ, ਸਾਥੀ ਬਲਜੀਤ ਸਿੰਘ, ਸਾਥੀ ਸੁਖਪਾਲ ਸਿੰਘ, ਸਾਥੀ ਹਰਕੀਰਤ ਸਿੰਘ ਹੀਰਾ, ਸਾਥੀ ਮਨਜੀਤ ਸਿੰਘ ਆਦਿ ਹਾਜ਼ਰ ਹੋਏ।