ਬਠਿੰਡਾ, 11 ਜਨਵਰੀ(ਵੀਰਪਾਲ ਕੌਰ) : ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ 14 ਜਨਵਰੀ ਨੂੰ ਸਥਾਨਕ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ “ਧੀਆਂ ਦੀ ਲੋਹੜੀ” ਮਨਾਈ ਜਾਵੇਗੀ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਵੱਲੋਂ ਇਸ ਸਮਾਗਮ ਦੀਆਂ ਅਗਾਊਂ ਤਿਆਰੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਕੀਤੀ ਗਈ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਤਹਿਤ ਔਰਤਾਂ ਨੂੰ ਵੱਖ-ਵੱਖ ਕੰਮਾਂ ਸਬੰਧੀ ਜਾਗਰੂਕ ਕਰਨ ਅਤੇ “ਧੀਆਂ ਦੀ ਲੋਹੜੀ” ਮਨਾਉਣ ਲਈ ਕਰਵਾਏ ਜਾਣ ਵਾਲੇ ਇਸ ਸਮਾਗਮ ਦੌਰਾਨ ਨਵ-ਜੰਮੀਆਂ ਬੱਚੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।ਉਹਨਾਂ ਅੱਗੇ ਦੱਸਿਆ ਕਿ ਇਸ ਪ੍ਰੋਗਰਾਮ ਮੌਕੇ ਸੈਲਫ ਹੈਲਪ ਗਰੁੱਪ ਚਲਾ ਰਹੀਆਂ ਮਹਿਲਾਵਾਂ ਵੱਲੋਂ ਸਟਾਲ ਲਗਾਏ ਜਾਣਗੇ। ਇਸ ਮੌਕੇ ਔਰਤਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਨਾਟਕਾਂ ਦੀ ਪੇਸ਼ਕਾਰੀ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੀ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵੱਲੋਂ ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਿਹਤ ਵਿਭਾਗ, ਨਗਰ ਨਿਗਮ, ਪੁਲਿਸ ਵਿਭਾਗ ਤੋਂ ਇਲਾਵਾ ਸਬੰਧਤ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਆਪੋ-ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਜਾਵੇ। ਇਸ ਮੌਕੇ ਉੱਪ ਮੰਡਲ ਮੈਜਿਸਟਰੇਟ ਰਾਮਪੁਰਾ-ਕਮ-ਸਹਾਇਕ ਕਮਿਸ਼ਨਰ ਜਨਰਲ ਗਗਨਦੀਪ ਸਿੰਘ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਪੰਕਜ ਕੁਮਾਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਗਿੱਲ, ਡੀ.ਸੀ.ਐਫ.ਏ. ਅਸ਼ਵਨੀ ਕੁਮਾਰ, ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਗੌਰਵ ਗਰਗ, ਰਾਜਪਾਲ ਕੌਰ, ਇਕਬਾਲ ਸਿੰਘ, ਰਾਜਵਿੰਦਰ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।