ਲੁਧਿਆਣਾ, 08 ਜਨਵਰੀ – ਯੁਵਕ ਸੇਵਾਵਾਂ ਵਿਭਾਗ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਅਭਿਆਨ ਜਾਰੀ ਹੈ ਜਿਸਦੇ ਤਹਿਤ ਪਿੰਡ ਚੌਂਕੀਮਾਨ ਵਿਖੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਨਸ਼ਿਆਂ ਦੇ ਮਾਰੂ ਅਸਰ ਦਿਖਾਉਂਦਾ ਇੱਕ ਨੁੱਕੜ ਨਾਟਕ ਵੀ ਖੇਡਿਆ ਗਿਆ।
ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪੰਜਾਬ, ਚੰਡੀਗੜ੍ਹ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਲੁਧਿਆਣਾ ਦੀ ਅਗਵਾਈ ਵਿੱਚ ਵਿਭਾਗ ਨਾਲ ਐਫੀਲੀਏਟਡ ਯੂਥ ਕਲੱਬਾਂ ਰਾਹੀਂ ਕਰਵਾਏ ਜਾ ਰਹੇ ਨਸ਼ਿਆਂ ਵਿਰੁੱਧ ਜਾਗਰੂਕਤਾ ਅਭਿਆਨ ਦੌਰਾਨ ਪਿੰਡ ਚੌਕੀਮਾਨ ਵਿੱਚ ਸੈਮੀਨਾਰ ਅਤੇ ਨੁੱਕੜ ਨਾਟਕ ਕਰਵਾਇਆ ਗਿਆ।
ਇਸ ਦੌਰਾਨ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਹੇ ਹਨ, ਇਹਨਾਂ ਤੋਂ ਬਚਣ ਲਈ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ ਕਿਉਂਕਿ ਨਸ਼ਿਆਂ ਵਿੱਚ ਗ੍ਰਸਤ ਹੋਈ ਨੌਜਵਾਨੀ ਗਲਤ ਰਸਤੇ ਅਪਣਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਖਰਾਬ ਕਰ ਰਹੀ ਹੈ ਜਿਸ ਦਾ ਖਮਿਆਜ਼ਾ ਪੂਰੇ ਸਮਾਜ ਨੂੰ ਵੀ ਭੁਗਤਣਾ ਪੈਂਦਾ ਹੈ।ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਯੁਵਕ ਸੇਵਾਵਾਂ ਵਿਭਾਗ ਰਾਹੀਂ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ।
ਸੈਮੀਨਾਰ ਮੌਕੇ ਆਪਣੇ ਸੰਬੋਧਨ ਵਿੱਚ ਡਾ. ਤਨੀਸ਼ ਸਿਵਲ ਡਿਸਪੈਂਸਰੀ, ਚੋਂਕੀਮਾਨ ਨੇ ਦੱਸਿਆ ਕਿ ਕਿਸ ਤਰ੍ਹਾਂ ਅੱਜ ਦਾ ਨੌਜਵਾਨ ਨਸ਼ਿਆਂ ਦੀ ਜਕੜ ਵਿੱਚ ਆਉਂਦਾ ਹੈ ਅਤੇ ਇਹਨਾਂ ਮਾਰੂ ਨਸ਼ਿਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ।ਉਹਨਾਂ ਇਹ ਵੀ ਦੱਸਿਆ ਕਿ ਜੋ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ, ਉਹ ਨਸ਼ਾ ਛੁਡਾਉ ਕੇਂਦਰਾਂ ਵਿੱਚ ਜਾ ਕੇ ਨਸ਼ਾ ਛੁਡਵਾ ਸਕਦੇ ਹਨ।ਰਾਜਵਿੰਦਰਪਾਲ ਸਿੰਘ ਏ.ਐਸ.ਆਈ. ਥਾਣਾ ਇੰਚਾਰਜ਼ ਚੌਕੀਮਾਨ ਨੇ ਵੀ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਦੱਸਦਿਆਂ ਕਿਹਾ ਕਿ ਨਸ਼ਾ ਕਰਕ ਨੌਜਵਾਨ ਆਪਣੀ ਜਾਨ ਦੇ ਨਾਲ ਨਾਲ ਦੂਸਰਿਆਂ ਦੀ ਜ਼ਿੰਦਗੀ ਨਾਲ ਵੀ ਖਿਲਵਾੜ ਕਰਦੇ ਹਨ ।
ਗੁਰਵਿੰਦਰ ਸਿੰਘ ਗੋਲਡੀ ਨੌਜਵਾਨ ਯੂਥ ਆਾਗੂ ਪਿੰਡ ਚੌਕੀਮਾਨ ਨੈ ਵੀ ਨੌਜਵਾਨਾਂ ਨੂੰ ਨਸ਼ਿਆ ਖਿਲਾਫ ਜਾਗਰੁਕ ਕੀਤਾ।ਅੰਤ ਵਿੱਚ ਜ਼ਸ਼ਨਪ੍ਰੀਤ ਸਿੰਘ ਪ੍ਰਧਾਨ ਯੁਵਕ ਸੇਵਾਵਾਂ ਕਲੱਬ, ਚੋਂਕੀਮਾਨ ਵੱਲੋਂ ਆਏ ਹੋਏ ਯੁਵਕ ਸੇਵਾਵਾਂ ਵਿਭਾਗ ਦੀ ਸਾਰੀ ਟੀਮ ਅਤੇ ਪਿੰਡ ਦੇ ਸਰਪੰਚ ਕੇਵਲ ਸਿੰਘ ਧਾਲੀਵਾਲ, ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।ਇਸ ਸੈਮੀਨਾਰ ਦੌਰਾਨ ਮਨਪ੍ਰੀਤ ਸਿੰਘ ਧਾਲੀਵਲ, ਜ਼ਸਬੀਰ ਸਿੰਘ ਧਾਲੀਵਾਲ, ਕਰਨਬੀਰ ਸਿੰਘ ਅਤੇ ਰਾਜ਼ਬੀਰ ਸਿੰਘ ਧਾਲੀਵਾਲ ਸਮਾਜ ਸੇਵੀ ਅਤੇ ਯੁਵਕ ਸੇਵਾਵਾਂ ਕਲੱਬ ਚੋਕੀਮਾਨ ਦੇ ਮੈਂਬਰ ਵੀ ਹਾਜ਼ਰ ਸਨ।