ਮਾਲੇਰਕੋਟਲਾ 07 ਜਨਵਰੀ : ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਪਾਵਰ ਗਰਿੱਡ) ਮਾਲੇਰਕੋਟਲਾ ਦੇ ਡਿਪਟੀ ਜਨਰਲ ਮੈਨੇਜਰ ਮਨਵਿੰਦਰ ਪਾਲ ਸਿੰਘ ਨੇ ਪਿੰਡਾਂ/ਸ਼ਹਿਰਾਂ ਦੇ ਨੇੜਿਉਂ 765 ਕੇ. ਵੀ. ਤੇ 400 ਕੇ. ਵੀ. ਹਾਈ ਟੈਂਸ਼ਨ ਟਰਾਂਸਮਿਸ਼ਨ ਲਾਈਨਾਂ ਦੀ ਸੁਰੱਖਿਆ ਕਲੀਅਰੈਂਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲਾਈਨ ਦੇ ਵਿਚਕਾਰ ਤੋਂ ਲੈ ਕੇ ਦੋਵੇਂ ਪਾਸੇ ਦੀ ਦੂਰੀ 765 ਕੇ. ਵੀ ਲਾਈਨ ਵਿੱਚ 84 ਮੀਟਰ ਅਤੇ 400 ਕੇ. ਵੀ. ਵਿੱਚ 52 ਮੀਟਰ ਦਾ ਹੋਣਾ ਜਰੂਰੀ ਹੈ।
ਉਨ੍ਹਾਂ ਕਿਹਾ ਕਿ ਦੇਖਿਆ ਗਿਆ ਹੈ ਕਿ ਕੁਝ ਲੋਕ ਹਾਈ ਟੈਂਸ਼ਨ ਟਰਾਂਸਮਿਸ਼ਨ ਲਾਈਨਾਂ ਦੇ ਅਣਸੁਰੱਖਿਅਤ ਕੋਰੀਡੋਰ ਵਿਚ ਗੈਰ-ਕਾਨੂੰਨੀ ਤੌਰ ਤੇ ਮਕਾਨ/ਪਸ਼ੂਆਂ ਦਾ ਸ਼ੈਡ ਜਾਂ ਹੋਰ ਉਸਾਰੀਆਂ ਅਤੇ ਉੱਚੇ ਦਰੱਖਤ ਲਗਾ ਲੈਂਦੇ ਹਨ ਜੋ ਕਿ ਟਰਾਂਸਮਿਸ਼ਨ ਲਾਈਨਾਂ ਦੀਆਂ ਅਣਚਾਹੀਆਂ ਟ੍ਰਿਪਿੰਗ ਅਤੇ ਬਿਜਲੀ ਦੇ ਨਿਰਵਿਘਨ ਪ੍ਰਵਾਹ ਵਿੱਚ ਰੁਕਾਵਟ ਦਾ ਕਾਰਨ ਬਣਦੇ ਹਨ । ਕਈ ਵਾਰ ਅਣਸੁਰੱਖਿਅਤ ਕੋਰੀਡੋਰ ਵਿਚ ਗੈਰ-ਕਾਨੂੰਨੀ ਉਸਾਰੀਆਂ ਅਤੇ ਉੱਚੇ ਦਰੱਖਤ ਅਣ ਸੁਖਾਵੀ ਦੁਰਘਟਨਾਵਾਂ ਦਾ ਕਾਰਨ ਵੀ ਬਣ ਸਕਦੇ ਹਨ ਅਤੇ ਜਿਸ ਨਾਲ ਜਾਨ ਮਾਲ ਦਾ ਨੁਕਸਾਨ ਵੀ ਹੋ ਸਕਦਾ ਹੈ।
ਉਨ੍ਹਾਂ ਜ਼ਿਲ੍ਹੇ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਅਣ ਸੁਖਾਵੀ ਦੁਰਘਟਨਾਵਾਂ ਤੋਂ ਬਚਣ ਲਈ ਹਾਈ ਟੈਂਸ਼ਨ ਟਰਾਂਸਮਿਸ਼ਨ ਲਾਈਨਾਂ ਦੇ ਨੇੜੇ ਪੰਤਗ ਉਡਾਉਣ ਤੋਂ ਗੁਰੇਜ ਕਰਨ, ਕਿਉਂਕਿ ਪਤੰਗ ਦੀ ਡੋਰ ਦਾ ਤਾਰਾਂ ਦੇ ਸੰਪਰਕ ਵਿਚ ਆਉਣ ਕਾਰਨ ਕਰੰਟ ਦਾ ਖਤਰਾ ਰਹਿੰਦਾ ਹੈ, ਜਿਸ ਕਾਰਨ ਜਾਨੀ ਮਾਲੀ ਨੁਕਸਾਨ ਦਾ ਖਤਰਾ ਹੋ ਸਕਦਾ ਹੈ । ਉਨਾਂ ਹੋਰ ਕਿਹਾ ਕਿ ਲਾਈਨ ਕੋਰੀਡੋਰ ਵਿੱਚ ਕਿਸੇ ਵੀ ਕਿਸਮ ਦੀ ਗੈਰ-ਕਾਨੂੰਨੀ ਉਸਾਰੀ ਜੀਵਤ ਪ੍ਰਾਣੀਆਂ ਲਈ ਖਤਰਾ ਬਣ ਸਕਦੀ ਹੈ। ਇਸ ਲਈ ਲਾਈਨ ਕੋਰੀਡੋਰ ਵਿੱਚ ਕੋਈ ਵੀ ਉਸਾਰੀ ਨਾ ਕੀਤੀ ਜਾਵੇ, ਜੇਕਰ ਅਗਿਆਨਤਾ ਦੇ ਕਰਕੇ ਕੋਈ ਗੈਰ-ਕਾਨੂੰਨੀ ਉਸਾਰੀ ਕੀਤੀ ਗਈ ਹੈ ਤਾਂ ਉਸਨੂੰ ਤੁਰੰਤ ਹਟਾ ਦਿੱਤਾ ਜਾਵੇ। ਇਸ ਤੋਂ ਇਲਾਵਾ ਲਾਈਨ ਕੋਰੀਡੋਰ ਨੂੰ ਉੱਚੇ ਰੁੱਖਾਂ ਤੋਂ ਮੁਕਤ ਰੱਖਿਆ ਜਾਵੇ। ਇਸ ਬਦਲੇ ਘੱਟ ਉਚਾਈ ਤੇ ਦਰੱਖਤ ਲਗਾਏ ਜਾ ਸਕਦੇ ਹਨ। ਜੇਕਰ ਗਲਤੀ ਨਾਲ ਵੱਧ ਉਚਾਈ ਵਾਲੇ ਦਰੱਖਤ ਲਗਾ ਦਿੱਤੇ ਹਨ ਤਾਂ ਉਨਾਂ ਦੀ ਕਟਾਈ ਪਾਵਰਗ੍ਰਿਡ ਦੀ ਦੇਖ-ਰੇਖ ਵਿੱਚ ਕਰਵਾਈ ਜਾਵੇ ।
ਡਿਪਟੀ ਜਨਰਲ ਮੈਨੇਜਰ ਮਨਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਲਾਈਨ ਕੋਰੀਡੋਰ ਵਾਲੇ ਖੇਤਾਂ ਵਿੱਚ ਕਿਸੇ ਵੀ ਫਸਲ ਉੱਤੇ ਕੋਈ ਪਾਬੰਦੀ ਨਹੀ ਹੈ, ਲੇਕਿਨ ਲਾਈਨ ਕੋਰੀਡੋਰ ਵਿਚ ਝੋਨਾ, ਕਣਕ ਦੀ ਰਹਿੰਦ-ਖੁੰਹਦ ਅਤੇ ਝਾੜੀਆਂ ਘਾਹ ਆਦਿ ਸਾੜਨ ਦੀ ਸਖਤ ਮਨਾਹੀ ਹੈ । ਉਨ੍ਹਾਂ ਸਖਤ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਲਾਈਨ ਕੋਰੀਡੋਰ ਵਿੱਚ ਗੈਰ-ਕਾਨੂੰਨੀ ਉਸਾਰੀਆਂ/ ਰੁੱਖਾਂ ਕਾਰਨ ਕੋਈ ਹਾਦਸਾ ਵਾਪਰਦਾ ਹੈ ਤਾਂ ਪਾਵਰ ਗਰਿੱਡ ਵਿਭਾਗ ਕਿਸੇ ਵੀ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਵੇਗਾ ਅਤੇ ਗੈਰ-ਕਾਨੂੰਨੀ ਉਸਾਰੀਆਂ ਆਦਿ ਕਰਨ ਵਾਲੇ ਵਿਅਕਤੀ ਖੁਦ ਹਾਦਸੇ ਦੇ ਜਿੰਮੇਵਾਰ ਹੋਣਗੇ।
ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਇਲਾਕੇ ਨੂੰ ਪ੍ਰਦੂਸ਼ਣ ਮੁਕਤ ਅਤੇ ਵਿਕਸਿਤ ਦੇਸ਼ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਉਕਤ ਅਹਿਤਆਤ ਵਰਤਕੇ ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦਾ ਸਹਿਯੋਗ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਮੋਬਾਇਲ ਨੰਬਰ 94192-30456 ਤੇ ਸੰਪਰਕ ਕੀਤਾ ਜਾ ਸਕਦਾ ਹੈ।