ਬਠਿੰਡਾ, 2ਜਨਵਰੀ (ਵੀਰਪਾਲ ਕੌਰ): ਬਠਿੰਡਾ ਸ਼ਹਿਰ ਵਿੱਚ ਨਵੇਂ ਸਾਲ ਚੜਦਿਆਂ ਹੀ ਇੱਕ ਹੀ ਪਰਿਵਾਰ ਦੇ ਦੋ ਜੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨਵੇਂ ਸਾਲ ਦੇ ਪਹਿਲੇ ਦਿਨ ਸ਼ਹਿਰ ਦੇ ਸਮਾਜ ਸੇਵੀ ਭੁਪਿੰਦਰ ਸਿੰਘ ਜੋ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਆਗੂ ਪਰਮਿੰਦਰ ਕੌਰ ਦੇ ਪਤੀ ਹਨ ਦੀ ਮੌਤ ਹੋ ਗਈ ਸੀ। ਉਨ੍ਹਾਂ ਦਾ ਬੀਤੀ ਸ਼ਾਮ ਹੀ ਅੰਤਿਮ ਸਸਕਾਰ ਕੀਤਾ ਗਿਆ ਸੀ। ਆਪਣੇ ਪਤੀ ਦੇ ਇਸ ਤਰ੍ਹਾਂ ਚਲੇ ਜਾਣ ਦਾ ਵਿਛੋੜਾ ਨਾ ਸਹਾਰਦਿਆਂ ਡੂੰਘਾ ਸਦਮਾ ਮਹਿਸੂਸ ਕਰਦੀ ਬੀਤੀ ਰਾਤ ਭਾਰਤੀ ਜਨਤਾ ਪਾਰਟੀ ਦੇ ਮਹਿਲਾ ਮੋਰਚਾ ਦੀ ਸੂਬਾ ਆਗੂ ਪਰਮਿੰਦਰ ਕੌਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇੱਕ ਹੀ ਪਰਿਵਾਰ ਦੇ ਦੋ ਜੀਆਂ ਦਾ ਇਸ ਤਰ੍ਹਾਂ ਅਚਾਨਕ ਚਲੇ ਜਾਣ ਨਾਲ ਸ਼ਹਿਰ ਦੇ ਸਿਆਸੀ ਤੇ ਸਮਾਜਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਭਾਰਤੀ ਜਨਤਾ ਪਾਰਟੀ ਬਠਿੰਡਾ ਦੀ ਮਹਿਲਾ ਆਗੂ ਮਮਤਾ ਜੈਨ ਉਰਫ਼ ਜੌਲੀ ਜੈਨ ਨੇ ਦੱਸਿਆ ਕਿ ਪਰਮਿੰਦਰ ਕੌਰ ਨੂੰ ਪਤੀ ਦੀ ਅਚਾਨਕ ਹੋਈ ਮੌਤ ਕਾਰਨ ਬੇਹਦ ਡੂੰਘਾ ਸਦਮਾ ਲੱਗਿਆ ਸੀ ਅਤੇ ਉਹ ਪੂਰੀ ਤਰ੍ਹਾਂ ਚੁੱਪ ਹੋ ਗਏ ਸਨ। ਉਹਨਾਂ ਦੱਸਿਆ ਕਿ ਪਤੀ ਦੇ ਸਦਮੇ ਕਾਰਨ ਦੇਰ ਰਾਤ ਨੂੰ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਜੋ ਜਾਨਲੇਵਾ ਸਾਬਤ ਹੋਇਆ। ਪਰਮਿੰਦਰ ਕੌਰ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਢਾਈ ਵਜੇ ਡੀਏਵੀ ਕਾਲਜ ਦੇ ਨਜ਼ਦੀਕ ਸਥਿਤ ਰਾਮਬਾਗ ਵਿਖੇ ਕੀਤਾ ਜਾਵੇਗਾ।