ਪੰਚਕੂਲਾ — ਸਾਧਵੀਆਂ ਦੇ ਬਲਾਤਕਾਰ ਮਾਮਲੇ ‘ਚ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਵਾਲੇ ਦਿਨ ਹੋਈ ਪੰਚਕੂਲਾ ਹਿੰਸਾ ਦੇ ਦੋਸ਼ੀ ਪਵਨ ਇੰਸਾ ਨੂੰ ਮੰਗਲਵਾਰ ਵਾਲੇ ਦਿਨ ਪੰਚਕੂਲਾ ਕੋਰਟ ‘ਚ ਪੇਸ਼ ਕੀਤਾ ਗਿਆ। ਪੁਲਸ ਨੇ ਕੋਰਟ ਤੋਂ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ। ਕੋਰਟ ਨੇ ਪਵਨ ਇੰਸਾ ਨੂੰ ਪੰਜ ਦਿਨਾਂ ਰਿਮਾਂਡ ‘ਤੇ ਭੇਜਿਆ ਹੈ। ਪੁਲਸ ਪੁੱਛਗਿੱਛ ‘ਚ ਪਵਨ ਨੇ ਦੱਸਿਆ ਕਿ ਅਦਿੱਤਯ ਇੰਸਾ ਲਖਨਊ ਵਿਚ ਹੀ ਲੁਕਿਆ ਹੈ ਕਿਉਂਕਿ ਪਵਨ ਵੀ ਕੁਝ ਦਿਨ ਯੂ.ਪੀ. ‘ਚ ਹੀ ਲੁਕਿਆ ਰਿਹਾ ਹੈ। ਉਸਨੂੰ ਅਦਿੱਤਯ ਦੇ ਕਈ ਠੀਕਾਣਿਆਂ ਬਾਰੇ ਜਾਣਕਾਰੀ ਹੈ ਅਤੇ ਕਈ ਦਿਨਾਂ ਤੱਕ ਅਦਿੱਤਯ ਦੇ ਸੰਪਰਕ ‘ਚ ਵੀ ਰਿਹਾ ਸੀ। ਇਨ੍ਹਾਂ ਬਿਆਨਾਂ ਦੇ ਅਧਾਰ ‘ਤੇ ਪੁਲਸ ਪਵਨ ਨੂੰ ਆਪਣੇ ਨਾਲ ਲੈ ਕੇ ਸਿਰਸਾ ਜਾਵੇਗੀ ਕਿਉਂਕਿ ਉਸਦਾ ਮੋਬਾਈਲ ਅਤੇ ਹੋਰ ਸਮਾਨ ਉਥੇ ਹੋ ਸਕਦਾ ਹੈ। ਇਸ ਦੇ ਨਾਲ ਹੀ ਪੁਲਸ ਇਸ ਮਾਮਲੇ ਦੀ ਜਾਣਕਾਰੀ ਵੀ ਇਕੱਠੀ ਕਰੇਗੀ ਕਿ ਪੰਚਕੂਲਾ ਹਿੰਸਾ ਤੋਂ ਬਾਅਦ ਪਵਨ ਇੰਸਾ ਨੇ ਕਿਹੜੇ ਮੋਬਾਈਲ ਦਾ ਇਸਤੇਮਾਲ ਕੀਤਾ ਅਤੇ ਕਿਨ੍ਹਾਂ ਲੋਕਾਂ ਨਾਲ ਰਿਹਾ। ਜ਼ਿਕਰਯੋਗ ਹੈ ਕਿ ਪੰਚਕੂਲਾ ਹਿੰਸਾ ਕਰਵਾਉਣ ਤੋਂ ਬਾਅਦ ਪਵਨ ਇੰਸਾ ਅਤੇ ਅਦਿੱਤਯ ਇੰਸਾ ਦੋਵੇਂ ਫਰਾਰ ਹੋ ਗਏ ਸਨ।
ਇਸ ਦੇ ਨਾਲ ਹੀ ਅਗਸਤ ਮਹੀਨੇ ‘ਚ ਡੇਰੇ ‘ਚ ਹੋਈ ਮੀਟਿੰਗ ‘ਚ ਵੀ ਉਹ ਸ਼ਾਮਲ ਸੀ। ਇਸ ਮੀਟਿੰਗ ‘ਚ ਹਨੀਪ੍ਰੀਤ ਨੇ ਉਸਨੂੰ ਜ਼ਿੰਮੇਵਾਰੀ ਸੌਂਪ ਕੇ ਕਿਹਾ ਸੀ ਕਿ ਉਸਨੂੰ ਪੰਚਕੂਲਾ ਦੇ ਪੂਰੇ ਇਲਾਕੇ ਬਾਰੇ ਪਤਾ ਹੈ। ਇਸ ਲਈ ਉਸਨੂੰ ਚਮਕੌਰ ਨੇ 25 ਲੱਖ ਰੁਪਏ ਦੇ ਕੇ ਲੋਕਾਂ ਨੂੰ ਪੰਚਕੂਲਾ ‘ਚ ਵੱਖ-ਵੱਖ ਥਾਂ ਭੇਜਣ ਦੀ ਜ਼ਿੰਮੇਵਾਰੀ ਦਿੱਤੀ ਸੀ। ਕੋਰਟ ‘ਚ ਰਿਮਾਂਡ ਲੈਣ ਲਈ ਪੁਲਸ ਨੇ ਇੰਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਵੀ ਕੀਤਾ ਸੀ। ਇਸ ਤੋਂ ਬਾਅਦ ਵੀ ਕਈ ਦਿਨਾਂ ਤੱਕ ਦੋਵੇਂ ਇਕੱਠੇ ਹੀ ਰਹੇ। ਸ਼ੁਰੂਆਤੀ ਪੁੱਛਗਿੱਛ ‘ਚ ਪਵਨ ਨੇ ਪੁਲਸ ਨੂੰ ਦੱਸਿਆ ਕਿ ਡਾ. ਅਦਿੱਤਯ ਉਸਦੇ ਨਾਲ ਸੀ ਪਰ ਹੁਣ ਉਹ ਕਿੱਥੇ ਹੈ ਇਸ ਦੀ ਜਾਣਕਾਰੀ ਨਹੀਂ ਦੇ ਰਿਹਾ। ਮਹਿੰਦਰ ਇੰਸਾ, ਦਿਲਾਵਰ, ਸੁਰਿੰਦਰ ਵੀ ਮੁੱਖ ਦੋਸ਼ੀਆਂ ‘ਚ ਇਕ ਹੈ। ਇਸ ਕੇਸ ‘ਚ ਪੁਲਸ ਹਨੀਪ੍ਰੀਤ, ਸੁਰਿੰਦਰ ਧਿਮਾਨ, ਦਿਲਾਵਰ ਨੂੰ ਪਹਿਲਾ ਹੀ ਗ੍ਰਿਫਤਾਰ ਕਰ ਚੁੱਕੀ ਹੈ, ਜਦੋਂਕਿ ਅਦਿੱਤਯ ਅਤੇ ਗੋਬੀ ਰਾਮ ਸਮੇਤ 20 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਬਾਕੀ ਹੈ।