19 ਦਸੰਬਰ-: ਗੂਗਲ ਨੇ ਪ੍ਰੀਤੀ ਲੋਬਾਨਾ ਨੂੰ ਭਾਰਤ ਲਈ ਨਵੀਂ ਕੰਟਰੀ ਮੈਨੇਜਰ ਅਤੇ ਉਪ ਪ੍ਰਧਾਨ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਹੁਣ ਪ੍ਰੀਤੀ ਲੋਬਾਨਾ ਭਾਰਤ ਵਿਚ ਗੂਗਲ ਦਾ ਕਾਰੋਬਾਰ ਸੰਭਾਲੇਗੀ। ਉਨ੍ਹਾਂ ਦਾ ਉਦੇਸ਼ ਦੇਸ਼ ਵਿਚ ਡਿਜੀਟਲ ਮੌਕਿਆਂ ਨੂੰ ਸਮਰੱਥ ਬਣਾਉਣਾ ਅਤੇ ਭਾਰਤ ਦੀ ਡਿਜੀਟਲ ਅਰਥਵਿਵਸਥਾ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣਾ ਹੋਵੇਗਾ। ਇਹ ਅਹੁਦਾ ਜੁਲਾਈ ਤੋਂ ਖ਼ਾਲੀ ਸੀ।
ਪ੍ਰੀਤੀ ਤੋਂ ਪਹਿਲਾਂ ਇਹ ਅਹੁਦਾ ਸੰਜੇ ਗੁਪਤਾ ਕੋਲ ਸੀ, ਜਿਨ੍ਹਾਂ ਨੂੰ ਇਸ ਸਾਲ ਦੇ ਸ਼ੁਰੂ ਵਿਚ ਤਰੱਕੀ ਦੇ ਬਾਅਦ ਏਸ਼ੀਆ ਪ੍ਰਸ਼ਾਂਤ ਖੇਤਰ ਦਾ ਪ੍ਰਧਾਨ ਬਣਾਇਆ ਗਿਆ ਸੀ। ਪ੍ਰੀਤੀ ਇਸ ਤੋਂ ਪਹਿਲਾਂ ਗੂਗਲ ਦੀ ਐਡਵਰਟਾਈਜ਼ਿੰਗ ਟੈਕਨਾਲੋਜੀ ਦੀ ਉਪ ਪ੍ਰਧਾਨ ਰਹਿ ਚੁਕੀ ਹੈ।
ਲੋਬਾਨਾ ਗੂਗਲ ਇੰਡੀਆ ਦੀ ਮਜ਼ਬੂਤ ਲੀਡਰਸ਼ਿਪ ਟੀਮ ਦਾ ਹਿੱਸਾ ਹੋਵੇਗੀ ਅਤੇ ਰੋਮਾ ਦੱਤਾ ਚੋਬੇ ਨਾਲ ਮਿਲ ਕੇ ਕੰਮ ਕਰੇਗੀ। ਚੋਬੇ, ਜੋ ਪਹਿਲਾਂ ਅੰਤਰਿਮ ਕੰਟਰੀ ਮੈਨੇਜਰ ਸੀ, ਡਿਜੀਟਲ ਨੇਟਿਵ ਇੰਡਸਟਰੀਜ਼ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਅਪਣਾ ਯੋਗਦਾਨ ਜਾਰੀ ਰੱਖੇਗੀ। ਈ-ਕਾਮਰਸ, ਫਿਨਟੇਕ, ਗੇਮਿੰਗ ਅਤੇ ਮੀਡੀਆ ਵਰਗੇ ਖੇਤਰਾਂ ਵਿਚ ਉਸਦਾ ਅਨੁਭਵ Google ਦੀਆਂ ਵਿਕਾਸ ਯੋਜਨਾਵਾਂ ਨੂੰ ਮਜ਼ਬੂਤ ਕਰੇਗਾ।
ਗੂਗਲ ਕੰਪਨੀ ਨੇ ਸੋਮਵਾਰ ਨੂੰ ਪ੍ਰੀਤੀ ਲੋਬਾਨਾ ਨੂੰ ਭਾਰਤ ਲਈ ਨਵੀਂ ਕੰਟਰੀ ਮੈਨੇਜਰ ਅਤੇ ਉਪ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ। ਗੂਗਲ ਵਲੋਂ ਜਾਰੀ ਬਿਆਨ ਮੁਤਾਬਕ ਭਾਰਤ ਦੇ ਕੰਟਰੀ ਮੈਨੇਜਰ ਅਤੇ ਵਾਈਸ ਪ੍ਰੈਜ਼ੀਡੈਂਟ ਦੇ ਤੌਰ ‘ਤੇ ਲੋਬਾਨਾ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨੂੰ ਸਾਰੇ ਗਾਹਕਾਂ ਤਕ ਪਹੁੰਚਾਉਣ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਗੂਗਲ ਦੀ ਰਣਨੀਤੀ ਨੂੰ ਆਕਾਰ ਦੇਣ ‘ਚ ਅਹਿਮ ਭੂਮਿਕਾ ਨਿਭਾਏਗਾ।