ਚੰਡੀਗੜ੍ਹ, 9 ਦਸੰਬਰ 2024- ਸ਼ੰਭੂ ਬਾਰਡਰ ਤੇ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਹਟਾਉਣ ਅਤੇ ਹਾਈਵੇ ਖੁੱਲ੍ਹਵਾਉਣ ਵਾਸਤੇ ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨ ਨੂੰ ਕੋਰਟ ਨੇ ਖਾਰਜ਼ ਕਰ ਦਿੱਤਾ ਹੈ। ਕੋਰਟ ਨੇ ਜਨਹਿਤ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਵਿੱਚ ਪੰਜਾਬ ਦੇ ਰਾਸ਼ਟਰੀ ਅਤੇ ਰਾਜ ਮਾਰਗਾਂ ‘ਤੇ ਰੋਕਾਂ ਨੂੰ ਤੁਰੰਤ ਦੂਰ ਕਰਨ ਅਤੇ ਆਮ ਲੋਕਾਂ ਲਈ ਨਿਰਵਿਘਨ ਰਸਤਾ ਯਕੀਨੀ ਬਣਾਉਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਪਹਿਲਾਂ ਹੀ ਇਸ ਮੁੱਦੇ ‘ਤੇ ਇਕ ਜਨਹਿਤ ਪਟੀਸ਼ਨ ਪੈਂਡਿੰਗ ਹੈ ਅਤੇ ਇਸ ਮਾਮਲੇ ਵਿਚ ਕੁਝ ਪਹਿਲਕਦਮੀਆਂ ਕੀਤੀਆਂ ਗਈਆਂ ਹਨ।
ਦਿੱਲੀ ਜਾਣ ਤੋਂ ਰੋਕਣ ’ਤੇ ਬੋਲੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ
ਅੱਜ ਸੰਭੂ ਬਾਰਡਰ ਤੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ’ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਬਿਆਨ ਸਾਹਮਣੇ ਆਇਆ ਹੈ। ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਖ਼ੁਦ ਦੁਚਿੱਤੀ ਵਿਚ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਖੱਟਰ ਕਹਿ ਰਹੇ ਹਨ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਨਹੀਂ ਰੋਕਿਆ ਗਿਆ, ਪਰ ਮੁੱਖ ਮੰਤਰੀ ਨਾਇਬ ਸੈਣੀ ਕਹਿ ਰਹੇ ਹਨ ਕਿ ਕਿਸਾਨਾਂ ਕੋਲ ਦਿੱਲੀ ਜਾਣ ਦੀ ਆਗਿਆ ਨਹੀਂ।
ਅਨਿਲ ਵਿਜ ਨੇ ਕਿਹਾ ਕਿ ਇਸ ਤਰ੍ਹਾਂ ਆਉਗੇ ਤਾਂ ਪੁਲਿਸ ਇਸੇ ਤਰ੍ਹਾਂ ਸਵਾਗਤ ਕਰੇਗੀ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕਹਿ ਰਹੇ ਹਨ ਪੈਦਲ ਦਿੱਲੀ ਆਉ ਤੁਹਾਡਾ ਸਵਾਗਤ ਹੈ ਪਰ ਉਥੇ ਹੀ ਸਰਕਾਰਾਂ ਵਲੋਂ ਖਨੌਰੀ ਤੇ ਡੱਬਵਾਲੀ ਸਰਹੱਦਾਂ ‘ਤੇ ਫ਼ੋਰਸ ਵਧਾ ਦਿੱਤੀ ਗਈ ਹੈ। ਭਾਜਪਾ ਦੇ ਕੇਂਦਰੀ ਆਗੂਆਂ ਹਰਿਆਣਾ ਦੇ ਆਗੂਆਂ ਦੇ ਬਿਆਨ ਆਪਸ ਵਿਚ ਹੀ ਨਹੀਂ ਮਿਲਦੇ ਤਾਂ ਕਿਸ ਨਾਲ ਗੱਲ ਕਰੀਏ ਤੇ ਕਿਸ ਤੋਂ ਦਿੱਲੀ ਜਾਣ ਦੀ ਆਗਿਆ ਲਈਏ। ਕਿਸਾਨਾਂ ਨਾਲ ਦੁਸ਼ਮਣਾਂ ਵਾਲਾ ਵਤੀਰਾ ਕੀਤਾ ਜਾ ਰਿਹਾ ਹੈ।