30 ਨਵੰਬਰ 2024: ਜਲਦ ਹੀ ਬੁਲੇਟ ਟਰੇਨ ਦਿੱਲੀ-ਅੰਮ੍ਰਿਤਸਰ ਰੂਟ ਉਤੇ ਦੌੜੇਗੀ। ਪੰਜਾਬ ਵਿੱਚ ਇਸ ਹਾਈ ਸਪੀਡ ਰੇਲ ਲਾਈਨ ਲਈ ਸਰਵੇ ਦਾ ਕੰਮ ਜੰਗੀ ਪੱਧਰ ਉਤੇ ਚੱਲ ਰਿਹਾ ਹੈ। ਬੁਲੇਟ ਟਰੇਨ ਨਾਲ ਦਿੱਲੀ ਤੋਂ ਅੰਮ੍ਰਿਤਸਰ ਤੱਕ ਦਾ 465 ਕਿਲੋਮੀਟਰ ਦਾ ਸਫਰ ਸਿਰਫ 2 ਘੰਟਿਆਂ ‘ਚ ਪੂਰਾ ਹੋਵੇਗਾ। ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ ਇਹ ਰੇਲ ਗੱਡੀ ਚੰਡੀਗੜ੍ਹ ਸਮੇਤ 15 ਸਟੇਸ਼ਨਾਂ ‘ਤੇ ਰੁਕੇਗੀ। ਇਸ ਬੁਲੇਟ ਟਰੇਨ ਦੀ ਵੱਧ ਤੋਂ ਵੱਧ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਦੀ ਰਨਿੰਗ ਸਪੀਡ 320 ਕਿਲੋਮੀਟਰ ਪ੍ਰਤੀ ਘੰਟਾ ਅਤੇ ਔਸਤ ਰਫਤਾਰ 250 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਜਾਣਕਾਰੀ ਮੁਤਾਬਕ ਟਰੇਨ ‘ਚ 750 ਯਾਤਰੀ ਸਫਰ ਕਰ ਸਕਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਪੰਜਾਬ ਦੇ ਕੁੱਲ 186 ਪਿੰਡਾਂ ਦੀ ਜ਼ਮੀਨ ਐਕੁਆਇਰ ਕਰੇਗੀ। ਇਸ ਵਿੱਚ ਮੁਹਾਲੀ ਦੇ 39, ਜਲੰਧਰ ਦੇ 49, ਲੁਧਿਆਣਾ ਦੇ 37, ਅੰਮ੍ਰਿਤਸਰ ਦੇ 22, ਫਤਿਹਗੜ੍ਹ ਸਾਹਿਬ ਦੇ 25, ਕਪੂਰਥਲਾ ਦੇ 12 ਅਤੇ ਤਰਨਤਾਰਨ ਅਤੇ ਰੂਪਨਗਰ ਜ਼ਿਲ੍ਹੇ ਦੇ ਇੱਕ-ਇੱਕ ਪਿੰਡ ਸ਼ਾਮਲ ਹਨ।
ਨਵੀਂ ਰੇਲਵੇ ਲਾਈਨ ਦੇ ਦਾਇਰੇ ਵਿੱਚ ਆਉਂਦੇ ਪਿੰਡਾਂ ਦੇ ਕਿਸਾਨਾਂ ਨਾਲ IIMR ਏਜੰਸੀ ਦੀ ਤਰਫੋਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਕਿਸਾਨਾਂ ਨੂੰ ਜ਼ਮੀਨ ਲਈ ਹਰੇਕ ਪਿੰਡ ਦੇ ਕੁਲੈਕਟਰ ਰੇਟ ਤੋਂ ਪੰਜ ਗੁਣਾ ਵੱਧ ਦਿੱਤਾ ਜਾਵੇਗਾ। ਇਸ ਸਬੰਧੀ ਕੇਂਦਰੀ ਅਤੇ ਰੇਲਵੇ ਅਧਿਕਾਰੀਆਂ ਵੱਲੋਂ ਵੱਡੇ ਪੱਧਰ ’ਤੇ ਸਰਵੇਖਣ ਕੀਤਾ ਜਾ ਰਿਹਾ ਹੈ।