ਦਿੱਲੀ, 29 ਨਵੰਬਰ: 1984 ਸਿੱਖ ਕਤਲੇਆਮ ਦੇ ਇਕ ਮਾਮਲੇ ਵਿੱਚ ਸੱਜਣ ਕੁਮਾਰ ਵਿਰੁੱਧ ਫੈਸਲਾ ਟਲ ਗਿਆ ਹੈ। ਹੁਣ ਦਿੱਲੀ ਦੀ ਅਦਾਲਤ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਬਾਰੇ 16 ਦਸੰਬਰ ਨੂੰ ਫੈਸਲਾ ਸੁਣਾਏਗੀ। ਇਹ ਮਾਮਲਾ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਰਸਵਤੀ ਵਿਹਾਰ ਇਲਾਕੇ ਵਿੱਚ ਦੋ ਸਿੱਖਾਂ ਦੀ ਕਥਿਤ ਹੱਤਿਆ ਨਾਲ ਸਬੰਧਤ ਹੈ।
ਅੱਜ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਇਸ ਮਾਮਲੇ ਬਾਰੇ ਫੈਸਲਾ ਸੁਣਾਉਣਾ ਸੀ ਪਰ ਉਨ੍ਹਾਂ ਕਿਹਾ ਕਿ ਇਸ ਸਬੰਧੀ ਹੁਕਮਾਂ ਦੀ ਕਾਪੀ ਤਿਆਰ ਨਹੀਂ ਹੋ ਸਕੀ ਜਿਸ ਕਰ ਕੇ ਇਸ ਫੈਸਲੇ ਨੂੰ ਅਗਲੇ ਹੁਕਮਾਂ ਤਕ ਟਾਲ ਦਿੱਤਾ ਗਿਆ ਹੈ। ਦੱਸ ਦਈਏ ਕਿ ਅਦਾਲਤ ਨੇ 1 ਨਵੰਬਰ 1984 ਨੂੰ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੇ ਕਤਲ ਨਾਲ ਸਬੰਧਤ ਕੇਸ ਵਿੱਚ ਅੰਤਿਮ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਸੀ।