ਨਵੀਂ ਦਿੱਲੀ— ਇੱਥੇ ਪਿਛਲੇ ਕਈ ਦਿਨਾਂ ਤੋਂ ਸਮੋਗ ਜਾਰੀ ਹੈ ਤਾਂ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਵੀ ਧੁੰਦ ਨੇ ਪੈਰ ਰੱਖਣੇ ਸ਼ੁਰੂ ਕਰ ਦਿੱਤੇ ਹਨ। ਇਸ ਦਾ ਅਸਰ ਰੇਲ ਆਵਾਜਾਈ ‘ਤੇ ਵੀ ਹੋਇਆ ਹੈ। ਧੁੰਦ ਕਾਰਨ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਦਿੱਲੀ ਆਉਣ ਵਾਲੀਆਂ 40 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ, ਜਦੋਂ ਕਿ 13 ਟਰੇਨਾਂ ਦੇ ਸਮੇਂ ‘ਚ ਤਬਦੀਲੀ ਕੀਤੀ ਗਈ ਹੈ। 6 ਟਰੇਨਾਂ ਤਾਂ ਰੱਦ ਕਰਨੀਆਂ ਪਈਆਂ। ਉੱਥੇ ਹੀ ਦਿੱਲੀ ਦੇ ਕੁਝ ਖੇਤਰਾਂ ਸਮੇਤ ਰੇਵਾੜੀ, ਭਿਵਾੜੀ, ਸੋਹਨਾ, ਮਾਨੇਸਰ, ਗੁਰੂਗ੍ਰਾਮ ਅਤੇ ਨੇੜੇ-ਤੇੜੇ ਦੇ ਖੇਤਰਾਂ ‘ਚ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਸਮੋਗ ਤੋਂ ਦਿੱਲੀ ਨੂੰ ਪਿਛਲੇ 2 ਦਿਨਾਂ ਤੋਂ ਥੋੜ੍ਹੀ ਰਾਹਤ ਮਿਲੀ ਹੈ। ਉੱਥੇ ਹੀ ਪਹਾੜਾਂ ‘ਚ ਬਦਲ ਰਹੀ ਮੌਸਮ ਦੀ ਕਰਵਟ ਦਿੱਲੀ ਵਾਲਿਆਂ ਨੂੰ ਚੰਗੀ ਖਬਰ ਦੇ ਸਕਦੀ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ‘ਚ ਦਿੱਲੀ ‘ਚ ਹਲਕੀ ਬਾਰਸ਼ ਦਾ ਅਨੁਮਾਨ ਜ਼ਾਹਰ ਕੀਤਾ ਹੈ, ਜੋ ਕਿ ਦਿੱਲੀ ਦੇ ਪ੍ਰਦੂਸ਼ਣ ਨੂੰ ਕਾਫੀ ਹੱਦ ਤੱਕ ਘੱਟ ਕਰੇਗਾ।
ਪਹਾੜੀ ਇਲਾਕਿਆਂ ‘ਚ ਹੋ ਰਹੀ ਬਰਫਬਾਰੀ ਨੇ ਮੈਦਾਨੀ ਇਲਾਕਿਆਂ ‘ਚ ਵੀ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਰਾਜਸਥਾਨ ਦੇ ਜੈਸਲਮੇਰ ‘ਚ ਠੰਡ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਇੱਥੇ ਧੁੰਦ ਅਤੇ ਸਰਦ ਹਵਾਵਾਂ ਕਾਰਨ ਲੋਕਾਂ ਨੇ ਘਰੋਂ ਬਾਹਰ ਨਿਕਲਣਾ ਘੱਟ ਕਰ ਦਿੱਤਾ ਹੈ। ਜੈਸਲਮੇਰ ‘ਚ ਪਿਛਲੇ ਤਿੰਨ ਦਿਨਾਂ ਤੋਂ ਕੜਾਕੇ ਦੀ ਠੰਡ ਪੈ ਰਹੀ ਹੈ। ਪੂਰਾ ਸ਼ਹਿਰ ਧੁੰਦ ਦੀ ਲਪੇਟ ‘ਚ ਹੈ। ਉੱਥੇ ਹੀ ਜੰਮੂ-ਕਸ਼ਮੀਰ ‘ਚ ਬਰਫਬਾਰੀ ਨਾਲ ਆਫਤ ਲੈ ਕੇ ਆਈ ਹੈ। ਬਰਫਬਾਰੀ ਕਾਰਨ ਰਾਜੌਰੀ ਦੀਆਂ ਸੜਕਾਂ ‘ਤੇ ਜਾਮ ਲੱਗ ਗਿਆ ਹੈ। ਟਰੱਕ ਰਸਤੇ ‘ਚ ਪਲਟ ਗਿਆ। ਹਾਲਾਤ ਇੰਨੇ ਖਰਾਬ ਹੋ ਚੁਕੇ ਹਨ ਕਿ ਮੁਗਲ ਰੋਡ ਨੂੰ ਬੰਦ ਕਰਨਾ ਪਿਆ। ਪਹਾੜਾਂ ‘ਚ ਜਾਮ ਹਟਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਅਜਿਹੇ ‘ਚ ਜਾਮ ‘ਚ ਫਸੇ ਲੋਕਾਂ ਦਾ ਵੀ ਬੁਰਾ ਹਾਲ ਹੈ।