ਬਠਿੰਡਾ, 6 ਨਵੰਬਰ (ਵੀਰਪਾਲ ਕੌਰ)- ਪੰਜਾਬ ਰਾਜ ਫਾਰਮੇਸੀ ਕੌਂਸਲ ਚੋਣਾਂ ਦੇ ਨਤੀਜੇ ਐਲਾਨੇ ਗਏ, ਜਿਸ ਵਿੱਚ ਪੀਸੀਏ (ਐਫੀਲੀਏਟਿਡ ਏਆਈਓਸੀਡੀ) ਵੱਲੋਂ ਸੁਸ਼ੀਲ ਕੁਮਾਰ ਬਾਂਸਲ ਗਰੁੱਪ ਦੇ ਸਾਰੇ 6 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।
ਇਸ ਜਿੱਤ ਲਈ ਬਠਿੰਡਾ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ (ਟੀ.ਬੀ.ਡੀ.ਸੀ.ਏ.) ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਸੁਸ਼ੀਲ ਕੁਮਾਰ ਬਾਂਸਲ ਸਮੇਤ ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਕਤ ਚੋਣਾਂ ਵਿੱਚ ਪੀ.ਸੀ.ਏ. ਪ੍ਰਧਾਨ ਸੁਰਿੰਦਰ ਦੁੱਗਲ ਅਤੇ ਜਨਰਲ ਸਕੱਤਰ ਜੀ.ਐਸ.ਚਾਵਲਾ ਦੀ ਪ੍ਰੇਰਣਾ ਅਤੇ ਦਿਸ਼ਾ ਨਿਰਦੇਸ਼ਾਂ ਤਹਿਤ ਫਾਰਮਾਸਿਸਟਾਂ ਦੀ ਭਲਾਈ ਲਈ ਕੰਮ ਕਰਨ ਵਾਲੇ ਸਾਰੇ 6 ਉਮੀਦਵਾਰਾਂ ਨੂੰ ਇਕਜੁੱਟਤਾ ਦਿਖਾਉਂਦੇ ਹੋਏ ਇਤਿਹਾਸਕ ਜਿੱਤ ਦਿਵਾਈ ਹੈ, ਜਿਸ ਲਈ ਉਹ ਧੰਨਵਾਦ ਅਤੇ ਵਧਾਈ ਦੇ ਹੱਕਦਾਰ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਫਾਰਮੇਸੀ ਕੌਂਸਲ ਦੀਆਂ ਚੋਣਾਂ ਵਿੱਚ ਸੁਸ਼ੀਲ ਕੁਮਾਰ ਬਾਂਸਲ ਗਰੁੱਪ ਪ੍ਰਧਾਨ ਸਟੇਟ ਫਾਰਮੇਸੀ ਕੌਂਸਲ ਪੰਜਾਬ ਦੇ ਸਾਰੇ ਛੇ ਉਮੀਦਵਾਰਾਂ ਨੇ ਆਪਣੇ ਵਿਰੋਧੀ ਪੰਜਾਬ ਗਰੁੱਪ ਦੇ ਮੈਂਬਰਾਂ ਨੂੰ ਭਾਰੀ ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਵਰਨਣਯੋਗ ਹੈ ਕਿ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ ਪਿਛਲੇ ਤਿੰਨ ਸਾਲਾਂ ਤੋਂ ਸਟੇਟ ਫਾਰਮੇਸੀ ਕੌਂਸਲ ਮੁਹਾਲੀ ਦੇ ਪ੍ਰਧਾਨ/ ਚੇਅਰਮੈਨ ਵਜੋਂ ਨਿਯੁਕਤ ਹਨ, ਉਨ੍ਹਾਂ ਵੱਲੋਂ ਸਟੇਟ ਫਾਰਮੇਸੀ ਕੌਂਸਲ ਮੁਹਾਲੀ ਵਿੱਚ ਕੀਤੇ ਗਏ ਸ਼ਲਾਘਾਯੋਗ ਕਾਰਜਾਂ ਸਦਕਾ ਉਨ੍ਹਾਂ ਦੇ ਗਰੁੱਪ ਨੂੰ ਮਾਨਤਾ ਪ੍ਰਾਪਤ ਹੈ।
ਉਨ੍ਹਾਂ ਦੱਸਿਆ ਕਿ ਕੁੱਲ 14478 ਵੋਟਾਂ ਪੋਲ ਹੋਈਆਂ, ਜਿਨ੍ਹਾਂ ਵਿੱਚੋਂ ਸੁਸ਼ੀਲ ਕੁਮਾਰ ਬਾਂਸਲ ਪ੍ਰਧਾਨ ਸਟੇਟ ਫਾਰਮੇਸੀ ਕੌਂਸਲ ਮੁਹਾਲੀ ਨੂੰ 8601, ਗਰੁੱਪ ਮੈਂਬਰ ਰਵੀ ਸ਼ੰਕਰ ਨੰਦਾ ਹੁਸ਼ਿਆਰਪੁਰ ਨੂੰ 8462, ਸੁਰਿੰਦਰ ਸ਼ਰਮਾ ਅੰਮ੍ਰਿਤਸਰ ਨੂੰ 8459, ਤੇਜਿੰਦਰ ਪਾਲ ਸਿੰਘ ਜਲੰਧਰ ਨੂੰ 8572 ਵੋਟਾਂ ਮਿਲੀਆਂ। ਸੰਜੀਵ ਕੁਮਾਰ ਮਾਨਸਾ ਨੂੰ 8309, ਠਾਕੁਰ ਗੁਰਜੀਤ ਸਿੰਘ ਫਤਿਹਗੜ੍ਹ ਨੂੰ 8501 ਵੋਟਾਂ ਮਿਲੀਆਂ, ਜਦਕਿ ਵਿਰੋਧੀ ਧਿਰ ਦੇ ਸਾਰੇ ਮੈਂਬਰ ਪੰਕਜ ਕੁਮਾਰ ਸੰਗਰੂਰ ਨੂੰ 3219, ਅਸ਼ੋਕ ਕੁਮਾਰ ਮਾਨਸਾ ਨੂੰ 4164, ਸੁਨੀਲ ਡੰਗ ਜਲੰਧਰ ਨੂੰ 4194, ਪ੍ਰਦੀਪ ਨਾਰੰਗ ਫਾਜ਼ਿਲਕਾ ਨੂੰ 3459, ਰੀਤ ਮਹਿੰਦਰ ਸਿੰਘ ਪਟਿਆਲਾ ਨੂੰ 1125 ਅਤੇ ਸਤਿੰਦਰਪਾਲ ਸਿੰਘ ਅੰਮ੍ਰਿਤਸਰ ਨੂੰ 4088 ਵੋਟਾਂ ਮਿਲੀਆਂ। ਬਾਂਸਲ ਗਰੁੱਪ ਦੇ ਸਾਰੇ ਮੈਂਬਰ ਭਾਰੀ ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਜ਼ਿਲ੍ਹਾ ਬਠਿੰਡਾ ਦੀਆਂ ਸਾਰੀਆਂ ਯੂਨਿਟਾਂ ਦੇ ਪ੍ਰਧਾਨਾਂ, ਜਨਰਲ ਸਕੱਤਰਾਂ, ਸਮੂਹ ਅਹੁਦੇਦਾਰਾਂ, ਸਮੂਹ ਮੈਂਬਰਾਂ ਅਤੇ ਸਮੂਹ ਫਾਰਮਾਸਿਸਟਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਬਾਂਸਲ ਗਰੁੱਪ ਦੇ ਸਾਰੇ 6 ਮੈਂਬਰਾਂ ਨੂੰ ਇਤਿਹਾਸਕ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ।
ਉਕਤ ਚੋਣਾਂ ਵਿੱਚ ਉਕਤ ਜਿੱਤ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦਾ ਮੂੰਹ ਮਿੱਠਾ ਕਰਵਾਇਆ ਅਤੇ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੱਤੀ।