ਅਮਰਗੜ੍ਹ 06 ਨਵੰਬਰ – ਪੰਜਾਬ ਸਰਕਾਰ ਦੀ ਤਰਫੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਵਿਖੇ ਰਾਜ ਪੱਧਰੀ ਖੇਡਾਂ- 2024 ਦਾ ਆਗਾਜ ਕੀਤਾ ਗਿਆ। ਇਹਨਾਂ ਖੇਡਾਂ ਦਾ ਉਦਘਾਟਨੀ ਸਮਾਰੋਹ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਵਲੋਂ ਕੀਤਾ ਗਿਆ। ਇਸ ਦੌਰਾਨ ਐਮ.ਡੀ ਪਾਈਨੀਅਰ ਪਬਲਿਕ ਸਕੂਲ ਪਰਮਿੰਦਰ ਕੌਰ ਮੰਡੇਰ, ਉਪ ਮੰਡਲ ਮੈਜਿਸਟਰੇਟ ਅਮਰਗੜ੍ਹ ਸੁਰਿੰਦਰ ਕੌਰ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ।
ਵਿਧਾਇਕ ਰਹਿਮਾਨ ਨੇ ਕਿਹਾ ਕਿ ਇਹਨਾਂ ਖੇਡਾਂ ਦਾ ਮਕਸਦ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣਾ ਅਤੇ ਨੌਜਵਾਨਾ ਨੂੰ ਨਸ਼ਿਆ ਦੇ ਬੁਰੇ ਪ੍ਰਭਾਵ ਤੋਂ ਬਚਾਉਣਾ ਹੈ। ਉਹਨਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਿਡਾਰੀ ਇਹਨਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਅਤੇ ਇੱਕ ਨਿਰੋਗ ਜੀਵਨ ਜਿਉਣ ਅਤੇ ਖੇਡਾਂ ਵਿੱਚ ਮੱਲਾਂ ਮਾਰ ਕੇ ਆਪਣਾ, ਆਪਣੇ ਕੋਚ ਅਤੇ ਪਰਿਵਾਰ ਦਾ ਨਾਮ ਖੇਡਾਂ ਦੇ ਖੇਤਰ ਵਿੱਚ ਰੌਸ਼ਨ ਕਰਨ ।
ਵਾਲੀਬਾਲ (ਸ਼ੂਟਿੰਗ) ਦੇ ਖੇਡਾਂ ਮੁਕਾਬਲੇ ਵਿੱਚ ਅੰਡਰ 14 (ਪੱਕੀ) ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ ਸਥਾਨ ਸੰਗਰੂਰ ਨੇ ਦੂਜਾ ਅਤੇ ਫਾਜਿਲਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸ ਤੋਂ ਇਲਾਵਾ ਅੰਡਰ -17 (ਕੱਚੀ) ਵਿੱਚ ਮਾਨਸਾ ਨੇ ਫਤਿਹਗੜ੍ਹ ਸਾਹਿਬ ਨੂੰ ਹਰਾਇਆ ਅਤੇ ਮਾਲੇਰਕੋਟਲਾ ਨੇ ਪਟਿਆਲਾ ਨੂੰ ਹਰਾਇਆ ਅਤੇ ਅੰਡਰ-21 (ਕੱਚੀ) ਵਿੱਚ ਬਰਨਾਲਾ ਨੇ ਮਾਲੇਰਕੋਟਲਾ ਨੂੰ ਹਰਾਇਆ ।