ਯੂਪੀ, 6 ਨਵੰਬਰ : ਯੂਪੀ ਦੇ ਹਰਦੋਈ ਵਿੱਚ ਸਵਾਰੀਆਂ ਨਾਲ ਭਰਿਆ ਇੱਕ ਆਟੋ ਬੇਕਾਬੂ ਹੋ ਕੇ ਪਲਟ ਗਿਆ। ਇਸ ਦੌਰਾਨ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਆਟੋ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 10 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਜਦਕਿ ਕਈ ਜ਼ਖ਼ਮੀ ਹੋ ਗਏ।
ਪੁਲਿਸ ਨੇ ਜ਼ਖ਼ਮੀਆਂ ਨੂੰ ਸੀ.ਐੱਚ.ਸੀ. ‘ਚ ਦਾਖਲ ਕਰਵਾਇਆ, ਜਦਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਹ ਹਾਦਸਾ ਹਰਦੋਈ ਜ਼ਿਲੇ ਦੇ ਕੋਤਵਾਲੀ ਬਿਲਗ੍ਰਾਮ ਦੇ ਰੋਸ਼ਨਪੁਰ ਇਲਾਕੇ ‘ਚ ਵਾਪਰਿਆ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਉੱਛਲ ਕੇ ਦੂਰ ਜਾ ਡਿੱਗਿਆ। ਆਟੋ ਦੀ ਪੂਰੀ ਛੱਤ ਉੱਡ ਗਈ। ਅੰਦਰ ਬੈਠੇ ਯਾਤਰੀ ਬਾਹਰ ਆ ਕੇ ਡਿੱਗ ਪਏ। ਲਾਸ਼ਾਂ ਸੜਕ ‘ਤੇ ਖਿੱਲਰੀਆਂ ਪਈਆਂ ਸਨ। ਪੁਲਿਸ ਨੇ ਦੱਸਿਆ ਕਿ ਆਟੋ ਬਿਲਗ੍ਰਾਮ ਵੱਲ ਜਾ ਰਿਹਾ ਸੀ। ਇਸ ਦੌਰਾਨ ਉਹ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਸੜਕ ‘ਤੇ ਪਲਟ ਗਿਆ। ਉਦੋਂ ਹੀ ਪਿੱਛੇ ਆ ਰਹੇ ਡੀਸੀਐਮ ਨੇ ਆਟੋ ਨੂੰ ਕੁਚਲ ਦਿੱਤਾ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਇਸੇ ਮਾਮਲੇ ਵਿੱਚ ਐਸਪੀ ਨੀਰਜ ਕੁਮਾਰ ਜਾਦੌਣ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਦੁਪਹਿਰ 12:30 ਵਜੇ ਮਿਲੀ। ਅਸੀਂ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਆਟੋ ਵਿੱਚ ਕੁੱਲ 15 ਲੋਕ ਸਵਾਰ ਸਨ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਿਰਫ਼ ਦੋ ਵਿਅਕਤੀਆਂ ਦੀ ਪਛਾਣ ਹੋਈ ਹੈ।