Menu

ਧਰਮਸੋਤ ਵਲੋਂ ਜੰਗਲਾਤ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਛੁਡਾਉਣ ਦਾ ਅਮਲ ਤੁਰੰਤ ਸ਼ੁਰੂ ਕਰਨ ਦੇ ਆਦੇਸ਼

ਚੰਡੀਗੜ੍ : ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਸੂਬੇ ਭਰ ‘ਚ ਜੰਗਲਾਤ ਵਿਭਾਗ ਦੀਆਂ ਜ਼ਮੀਨਾਂ ‘ਤੇ ਕੀਤੇ ਨਾਜਾਇਜ਼ ਕਬਜ਼ੇ ਛੁਡਾਉਣ ਦਾ ਅਮਲ ਤੁਰੰਤ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ।
ਅੱਜ ਇੱਥੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸੂਬੇ ਭਰ ‘ਚ ਜੰਗਲਾਤ ਵਿਭਾਗ ਦੀਆਂ ਜ਼ਮੀਨਾਂ ‘ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਛੁਡਾਉਣ ਦਾ ਆਗਾਜ਼ ਅੱਜ ਮੱਤੇਵਾੜਾ, ਲੁਧਿਆਣਾ ਵਿਖੇ 35 ਏਕੜ ਜ਼ਮੀਨ ਛੁਡਾ ਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗੋਰਸੀਆਂ ਖਾਨ ਮੁਹੰਮਦ, ਜ਼ਿਲ੍ਹਾ ਲੁਧਿਆਣਾ ਵਿਖੇ 80 ਏਕੜ, ਕੋਟ ਉਮਰਾ, ਲੁਧਿਆਣਾ ਵਿਖੇ 147 ਏਕੜ, ਕੁੱਲ 227 ਏਕੜ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਸਾਹਮਣੇ ਆਏ ਹਨ। ਉਨ੍ਹਾਂ ਨੇ ਲੁਧਿਆਣਾ ਦੇ ਬਾਕੀ ਨਾਜਾਇਜ਼ ਕਬਜ਼ੇ ਛੁਡਾਉਣ ਲਈ ਵਧੀਕ ਮੁੱਖ ਸਕੱਤਰ, ਜੰਗਲਾਤ ਸ੍ਰੀ ਡੀ.ਪੀ. ਰੈਡੀ ਨੂੰ ਲੁਧਿਆਣਾ ਵਿਖੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਤੁਰੰਤ ਮੀਟਿੰਗ ਕਰਨ ਦੇ ਆਦੇਸ਼ ਵੀ ਦਿੱਤੇ।
ਸ. ਧਰਮਸੋਤ ਨੇ ਕਿਹਾ ਕਿ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਪੰਜਾਬ ‘ਚ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ, ਹਰ ਤਰ੍ਹਾਂ ਦਾ ਮਾਫੀਆ ਅਤੇ ਨਾਜਾਇਜ਼ ਤੇ ਗ਼ੈਰ ਕਾਨੂੰਨੀ ਧੰਦੇ ਖ਼ਤਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸੂਬੇ ਭਰ ‘ਚ ਜੰਗਲਾਤ ਵਿਭਾਗ ਤਹਿਤ ਕੁੱਲ 2185 ਏਕੜ ਜ਼ਮੀਨ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਨਾਜਾਇਜ਼ ਕਬਜ਼ੇ ਕਰਨ ਵਾਲੇ ਕੋਈ ਵੀ ਹੋਣ ਜਾਂ ਅਸਰ ਰਸੂਖ ਰੱਖਦੇ ਹੋਣ, ਨਾਜਾਇਜ਼ ਕਬਜ਼ੇ ਸਖ਼ਤੀ ਨਾਲ ਛੁਡਾਏ ਜਾਣਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਾਜਾਇਜ਼ ਕਬਜ਼ੇ ਛੁਡਾਉਣ ਲਈ ਨਿਸ਼ਾਨਦੇਹੀ ਕਰਾ ਕੇ ਬੁਰਜੀਆਂ ਲਾਉਣ ਤੇ ਤਾਰਬੰਦੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਵੀ ਕਿਹਾ।
ਸ. ਧਰਮਸੋਤ ਨੇ ਵਿਭਾਗੀ ਅਧਿਕਾਰੀਆਂ ਨੂੰ ਵਿਸ਼ੇਸ਼ ਸਥਾਨਾਂ ‘ਤੇ ਜੰਗਲਾਤ/ਰੁੱਖ ਲਗਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਸਬੰਧੀ ਨਾਅਰੇ ਅਤੇ ਜੰਗਲੀ ਖੇਤਰਾਂ ਦੀਆਂ ਹੱਦਾਂ ‘ਤੇ ਜੰਗਲਾਤ ਦੇ ਨਿਯਮ ਅਤੇ ਸ਼ਿਕਾਇਤਾਂ ਲਈ ਸੰਪਰਕ ਨੰਬਰ ਪ੍ਰਦਰਸ਼ਤ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਜੰਗਲਾਤ ਦੇ ਵੱਖ-ਵੱਖ ਡਿਪੂਆਂ ‘ਚ ਪਈ ਲੱਕੜ ਨੂੰ ਅਤੇ ਵਿਭਾਗ ਦੇ ਬੇਕਾਰ ਹੋ ਚੁੱਕੇ ਸਾਮਾਨ ਨੂੰ ਇੱਕ ਪਾਰਦਰਸ਼ੀ ਪ੍ਰਕਿਰਿਆ ਅਪਣਾ ਕੇ ਵੇਚਣ ਦੀਆਂ ਹਦਾਇਤਾਂ ਵੀ ਦਿੱਤੀਆਂ।
ਇਸ ਮੌਕੇ ਵਧੀਕ ਮੁੱਖ ਸਕੱਤਰ, ਜੰਗਲਾਤ ਸ੍ਰੀ ਡੀ.ਪੀ. ਰੈਡੀ, ਸ੍ਰੀ ਜਤਿੰਦਰ ਸ਼ਰਮਾ, ਪ੍ਰਮੁੱਖ ਮੁੱਖ ਵਣਪਾਲ ਜੰਗਲਾਤ, ਸ੍ਰੀ ਕੁਲਦੀਪ ਕੁਮਾਰ, ਪ੍ਰਮੁੱਖ ਮੁੱਖ ਵਣਪਾਲ ਵਾਈਲਡ ਲਾਈਫ, ਸ੍ਰੀ ਅਨੂਪ ਉਪਾਧਿਆਇ, ਵਧੀਕ ਪ੍ਰਮੁੱਖ ਮੁੱਖ ਵਣਪਾਲ, ਸ੍ਰੀ ਧਰੇਂਦਰ ਸਿੰਘ, ਮੈਨੇਜਿੰਗ ਡਾਇਰੈਕਟਰ ਜੰਗਲਾਤ ਕਾਰਪੋਰੇਸ਼ਨ, ਸ੍ਰੀ ਰਤਨਾ ਕੁਮਾਰ, ਮੁੱਖ ਵਣਪਾਲ, ਸ੍ਰੀਮਤੀ ਸ਼ਲੇਂਦਰ ਕੌਰ, ਵਣਪਾਲ ਸਾਊਥ ਅਤੇ ਡੀ.ਐਫ.ਓ ਲੁਧਿਆਣਾ ਅਤੇ ਮੁਹਾਲੀ ਹਾਜ਼ਰ ਸਨ।

 

Listen Live

Subscription Radio Punjab Today

Our Facebook

Social Counter

  • 16435 posts
  • 0 comments
  • 0 fans

Log In