ਬਠਿੰਡਾ, 2 ਅਕਤੂਬਰ (ਵੀਰਪਾਲ ਕੌਰ ): ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਦੇ ਮੱਦੇਨਜ਼ਰ ਜ਼ਿਲੇ ਦੇ ਪਿੰਡ ਕੋਟਫੱਤਾ, ਮਾਈਸਰਖਾਨਾ, ਸੰਦੋਹਾ, ਜਗਾ ਰਾਮ ਤੀਰਥ ਅਤੇ ਤਲਵੰਡੀ ਸਾਬੋ ਵਿਖੇ ਕਿਸਾਨ ਜਾਗਰੂਕਤਾ ਕੈਂਪਾਂ ਤਹਿਤ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਖੇਤੀਬਾੜੀ ਨਾਲ ਸਬੰਧਤ ਆਧੁਨਿਕ ਸੰਦਾ ਦੀ ਵਰਤੋਂ ਕਰਕੇ ਹੀ ਝੋਨੇ ਦੀ ਪਰਾਲੀ ਤੇ ਇਸ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਹੀ ਸੰਭਾਲਣ ਨੂੰ ਤਰਜੀਹ ਦੇਣ। ਇਸ ਮੌਕੇ ਉਨ੍ਹਾਂ ਦੇ ਨਾਲ ਐਸਐਸਪੀ ਮੈਡਮ ਅਮਨੀਤ ਕੌਂਡਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਅਮਨੀਤ ਕੋਂਡਲ ਪਿੰਡ ਕੋਟਫੱਤਾ ਦੀ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਦੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਅਤੇ ਆੜਤੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨਾਂ ਭਰੋਸਾ ਦਵਾਇਆ ਕਿ ਸੀਜ਼ਨ ਦੌਰਾਨ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।ਇਸ ਦੌਰਾਨ ਸ਼ੌਕਤ ਅਹਿਮਦ ਪਰੇ ਨੇ ਕਿਸਾਨਾਂ ਨੂੰ ਕਿਹਾ ਕਿ ਜ਼ਿਲ੍ਹੇ ਅੰਦਰ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨੇ ਨੂੰ ਨਾ ਕੱਟਣ। ਉਨ੍ਹਾਂ ਸਖਤੀ ਨਾਲ ਇਹ ਵੀ ਕਿਹਾ ਕਿ ਜੇਕਰ ਨਿਰਧਾਰਿਤ ਸਮੇਂ ਦੌਰਾਨ ਕੋਈ ਕੰਬਾਈਨ ਝੋਨੇ ਦੀ ਫ਼ਸਲ ਕੱਟਦੀ ਫੜੀ ਗਈ ਤਾਂ ਉਸ ਨੂੰ ਤੁਰੰਤ ਪੂਰੇ ਸੀਜ਼ਨ ਲਈ ਜਬਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੰਬਾਈਨਾਂ ਰਾਤ ਵੇਲੇ ਹਰਾ ਝੋਨਾ ਜੋ ਕਿ ਚੰਗੀ ਤਰ੍ਹਾਂ ਪੱਕਿਆ ਨਹੀਂ ਹੁੰਦਾ, ਕੱਚਾ ਦਾਣਾ ਹੀ ਕੱਟ ਦਿੰਦੀਆਂ ਹਨ, ਜਿਸ ਨਾਲ ਝੋਨੇ ਦੀ ਕੁਆਲਿਟੀ ਪ੍ਰਭਾਵਿਤ ਹੁੰਦੀ ਹੈ ਅਤੇ ਖ਼ਰੀਦ ਏਜੰਸੀਆਂ ਵੀ ਝੋਨੇ ਦੀ ਖ਼ਰੀਦ ਕਰਨ ਤੋਂ ਝਿਜਕਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੌਰੇ ਦੌਰਾਨ ਖੇਤੀਬਾੜੀ ਅਧਿਕਾਰੀਆਂ ਨੂੰ ਸਖਤ ਆਦੇਸ਼ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਉਨਤ ਕਿਸਾਨ ਐਪ ਉਨ੍ਹਾਂ ਦੇ ਮੋਬਾਇਲਾਂ ਉਪਰ ਡਾਊਨਲੋਡ ਕਰਵਾਕੇ ਇਸ ਬਾਰੇ ਉਨ੍ਹਾਂ ਨੂੰ ਵੱਧ ਤੋਂ ਵੱਧ ਜਾਣੂੰ ਕਰਵਾਇਆ ਜਾਵੇ ਤਾਂ ਜੋ ਕਿਸਾਨ ਇਸ ਐਪ ਰਾਹੀਂ ਪਰਾਲੀ ਪ੍ਰਬੰਧਨ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਦਿਆਂ ਇਸ ਮਸ਼ੀਨਰੀ ਦੀ ਬੁਕਿੰਗ ਕਰਵਾ ਸਕਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਿੰਡਾਂ ਵਿਚ ਕਿਸਾਨਾਂ ਕੋਲ ਜਾ ਕੇ ਉਨ੍ਹਾਂ ਨੂੰ ਇਹ ਵੀ ਜਾਗਰੂਕ ਕਰਨ ਕਿ ਇਸ ਐਪ ਨਾਲ ਹੁਣ ਕਿਸਾਨਾਂ ਨੂੰ ਦਫਤਰਾਂ ਵਿੱਚ ਜਾਣ ਦੀ ਲੋੜ ਨਹੀਂ ਹੋਵੇਗੀ ਅਤੇ ਘਰ ਬੈਠੇ ਹੀ ਇਸ ਐਪ ਦੀ ਵਰਤੋਂ ਕਰਕੇ ਜ਼ਰੂਰਤ ਅਨੁਸਾਰ ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਰੀ ਦੀ ਬੁਕਿੰਗ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਇਹ ਵੀ ਦੱਸਿਆ ਜਾਵੇ ਕਿ ਪਿੰਡ ਪੱਧਰ ’ਤੇ ਨੋਡਲ ਅਫ਼ਸਰਾਂ ਰਾਹੀਂ ਵੀ ਖੇਤੀ ਮਸ਼ੀਨਰੀ ਦੀ ਬੁਕਿੰਗ ਕਰਵਾਈ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਫ਼ਸਲ ਵੇਚਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਪੁਰਜ਼ੋਰ ਅਪੀਲ ਕੀਤੀ ਕਿ ਉਹ ਵਾਤਾਵਰਨ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਝੋਨੇ ਦੀ ਪਰਾਲੀ ਤੇ ਇਸ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਪਿੰਡ ਕੋਟਫੱਤਾ ਵਿਖੇ ਢਿੱਲੋ ਬਾਇਓਫਿਊਲਜ਼ ਦਾ ਦੌਰਾ ਕਰਕੇ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਇਸ ਬਾਇਓਫਿਊਲਜ਼ ਦੀ ਸਲਾਘਾ ਕੀਤੀ।
ਇਸ ਮੌਕੇ ਅਗਾਂਹ ਵਧੂ ਕਿਸਾਨਾਂ ਨੇ ਪਰਾਲੀ ਨੂੰ ਕਿਵੇਂ ਧਰਤੀ ਵਿੱਚ ਵਾਹ ਕੇ ਕਣਕ ਦਾ ਝਾੜ ਵਧਾਇਆ ਜਾ ਸਕਦਾ ਸਬੰਧੀ ਆਪਣੇ ਤਜਰਬੇ ਵੀ ਸਾਂਝੇ ਕੀਤੇ। ਇਸ ਮੌਕੇ ਉਨਾਂ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਅਤੇ ਇਸ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀ ਬਜਾਏ ਧਰਤੀ ਵਿੱਚ ਹੀ ਵਾਹਿਆ ਜਾਵੇ ਤਾਂ ਜੋ ਆਪਣੀ ਫਸਲ ਦੇ ਝਾੜ ਨੂੰ ਵਧਾਇਆ ਜਾ ਸਕੇ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਤੋਂ ਇਲਾਵਾ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਪਰਾਲੀ ਦੀ ਸੁਚੱਜੀ-ਸਾਂਭ ਸੰਭਾਲ ਦੇ ਮੱਦੇਨਜ਼ਰ ਮੀਟਿੰਗ ਕੀਤੀ। ਇਸ ਮੌਕੇ ਜਿੱਥੇ ਉਹਨਾਂ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਉੱਥੇ ਹੀ ਉਹਨਾਂ ਤੋਂ ਪਰਾਲੀ ਦੇ ਪੁਖਤਾ ਪ੍ਰਬੰਧਨ ਸਬੰਧੀ ਲੋੜੀਂਦੇ ਸੁਝਾਅ ਵੀ ਲਏ। ਇਸ ਮੌਕੇ ਸਿਖਲਾਈ ਅਧੀਨ ਆਈਏਐਸ ਅਧਿਕਾਰੀ ਰਾਕੇਸ਼ ਕੁਮਾਰ ਮੀਨਾ, ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਕਿਸਾਨ ਆਦਿ ਹਾਜ਼ਰ ਸਨ।