ਮਾਲੇਰਕੋਟਲਾ 2 ਅਕਤੂਬਰ :ਜ਼ਿਲ੍ਹਾ ਮੈਜਿਸਟਰੇਟ ਡਾ. ਪੱਲਵੀ ਵਲੋਂ ਭਾਰਤੀ ਨਾਗਰਿਕ ਸੁਰਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਏ ਹੋਏ ਜ਼ਿਲ੍ਹਾ ਮਾਲੇਰਕੋਟਲਾ ਅੰਦਰ ਸ਼ਾਮ 06:00 ਵਜੇ ਤੋਂ ਸਵੇਰੇ 10:00 ਵਜੇ ਤੱਕ ਕੰਬਾਇਨਾਂ ਨਾਲ ਝੋਨੇ ਦੀ ਫਸਲ ਕੱਟਣ ਦੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਆਮ ਤੌਰ ਤੇ ਇਹ ਵੇਖਣ ਵਿੱਚ ਆਇਆ ਹੈ ਕਿ ਝੋਨੇ ਦੀ ਕਟਾਈ ਲਈ ਕੰਬਾਇਨਾਂ 24 ਘੰਟੇ ਕੰਮ ਕਰਦੀਆਂ ਹਨ। ਰਾਤ ਸਮੇਂ ਕੰਬਾਇਨਾਂ ਚੱਲਣ ਨਾਲ ਜਾਨੀ-ਮਾਲੀ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ। ਰਾਤ ਸਮੇਂ ਕੱਟਿਆ ਗਿੱਲਾ/ ਹਰਾ ਝੋਨਾਂ ਜਦੋਂ ਮੰਡੀਆਂ ਵਿੱਚ ਵਿਕਣ ਲਈ ਜਾਂਦਾ ਹੈ ਤਾਂ ਨਮੀ ਪ੍ਰਵਾਨਿਤ ਹੱਦ ਨਾਲੋਂ ਜਿਆਦਾ ਹੋਣ ਕਰਕੇ ਖਰੀਦ ਏਜੰਸੀਆਂ ਝੋਨੇ ਦੀ ਖ਼ਰੀਦ ਕਰਨ ਤੋਂ ਝਿਜਕਦੀਆਂ ਹਨ। ਜਿਸ ਨਾਲ ਜਿੱਥੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ,ਉੱਥੇ ਅਸਿੱਧਾ ਅਸਰ ਦੇਸ਼ ਦੇ ਉਤਪਾਦਨ ਤੇ ਵੀ ਪੈਂਦਾ ਹੈ। ਝੋਨਾ ਨਾ ਵਿਕਣ ਕਾਰਨ ਕਿਸਾਨਾਂ ਵਿੱਚ ਰੋਸ ਪੈਦਾ ਹੁੰਦਾ ਹੈ, ਜਿਸ ਨਾਲ ਅਮਨ ਕਾਨੂੰਨ ਭੰਗ ਹੋਣ ਦੀ ਸਥਿਤੀ ਉਤਪੰਨ ਹੁੰਦੀ ਹੈ।
ਉਹਨਾਂ ਕਿਹਾ ਕਿ ਪੁਰਾਣੀਆਂ ਹਾਰਵੈਸਟਰ ਕੰਬਾਇਨਾਂ ਝੋਨੇ ਦੀ ਕੁਆਲਿਟੀ ਨੂੰ ਬੁਰੀ ਤਰਾਂ ਪ੍ਰਭਾਵਿਤ ਕਰਦੀਆਂ ਹਨ, ਮਕੈਨੀਕਲ ਨੁਕਸ ਹੋਣ ਕਾਰਨ ਟੁੱਟੇ ਦਾਣਿਆਂ ਦੀ ਮਾਤਰਾ ਵੀ ਮਾਪਦੰਡਾਂ ਤੋਂ ਕਾਫੀ ਵੱਧ ਜਾਂਦੀ ਹੈ। ਜਿਸ ਕਾਰਨ ਖਰੀਦ ਏਜੰਸੀਆਂ ਝੋਨਾ ਖਰੀਦਣ ਤੋਂ ਹਿਚਕਚਾਉਂਦੀਆਂ ਹਨ। ਇਸ ਲਈ ਉਹਨਾਂ ਨੇ ਕਟਾਈ ਸਮੇਂ ਝੋਨੇ ਦੀ ਕੁਆਲਿਟੀ ਖਰਾਬ ਹੋਣ ਤੋਂ ਰੋਕਣ ਲਈ ਕੰਬਾਇਨਾਂ ਦੇ ਮਾਲਕਾਂ ਨੂੰ ਕਟਾਈ ਤੋਂ ਪਹਿਲਾਂ ਪੁਰਾਣੀਆਂ ਹਾਰਵੈਸਟਰ ਕੰਬਾਈਨਜ਼ ਦੀ ਨਿਰਮਾਤਾ ਕੰਪਨੀ ਅਤੇ ਖੇਤੀਬਾੜੀ ਵਿਕਾਰ ਮੁੱਖ ਖੇਤੀਬਾੜੀ ਅਫਸਰ ਤੋਂ ਇੰਸਪੈਕਸ਼ਨ ਕਰਵਾਉਣ ਦੀ ਹਦਾਇਤ ਕੀਤੀ ।ਇਹ ਹੁਕਮ ਜ਼ਿਲ੍ਹੇ ਵਿੱਚ 1 ਅਕਤੂਬਰ ਤੋਂ 30 ਨਵੰਬਰ 2024 ਤੱਕ ਲਾਗੂ ਰਹਿਣਗੇ।