ਕਪੂਰਥਲਾ, 2 ਅਕਤੂਬਰ- ਜ਼ਿਲ੍ਹੇ ਦੇ ਪਿੰਡ ਤਲਵੰਡੀ ਕੂਕਾ ਦੇ ਇੱਕ ਨੌਜਵਾਨ ਦੀ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਗੁਰਜੀਤ ਸਿੰਘ 32 ਸਾਲ ਪੁੱਤਰ ਗੁਰਦੇਵ ਸਿੰਘ ਨੇ ਪੰਜਾਬ ਆਉਂਣਾ ਸੀ ,ਪਰ ਉਸ ਤੋਂ ਪਹਿਲਾ ਹੀ ਪਰਿਵਾਰ ਨੂੰ ਨੌਜਵਾਨ ਦੀ ਮੌਤ ਦੀ ਖਬਰ ਮਿਲ ਗਈ। ਸੂਚਨਾ ਮਿਲਦਿਆਂ ਹੀ ਪਰਿਵਾਰ ‘ਚ ਸੋਗ ਦੀ ਲਹਿਰ ਹੈ।
ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਵਿੱਚ ਰਹਿ ਰਹੇ ਗੁਰਜੀਤ ਸਿੰਘ ਨੇ ਪੰਜਾਬ ਆਉਣਾ ਸੀ। ਫਲਾਈਟ ਲੈਣ ਤੋਂ ਪਹਿਲਾਂ ਉਹ ਉੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗਿਆ। ਮੱਥਾ ਟੇਕ ਕੇ ਵਾਪਸ ਪਰਤਿਆ ਹੀ ਉਸ ਦੇ ਛਾਤੀ ਵਿੱਚ ਦਰਦ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਉਸ ਦੇ ਦੋਸਤਾਂ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਨੌਜਵਾਨ ਦੇ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਸੂਚਨਾ ਮੁਤਾਬਕ 18 ਅਕਤੂਬਰ ਨੂੰ ਗੁਰਜੀਤ ਸਿੰਘ ਦਾ ਵਿਆਹ ਹੋਣਾ ਸੀ, ਉਸ ਦੇ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸ ਲਈ ਉਸ ਨੇ ਪੰਜਾਬ ਆਪਣੇ ਪਿੰਡ ਪਰਤਣਾ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸ ਦੀ ਮੌਤ ਦੀ ਖ਼ਬਰ ਨਾਲ ਸਾਰਿਆਂ ਦੀਆਂ ਅੱਖਾਂ ਨਮ ਹਨ, ਪਰਿਵਾਰ ਰੋ ਰਿਹਾ ਹੈ ਅਤੇ ਬੁਰੀ ਹਾਲਤ ਵਿੱਚ ਹੈ।