ਬਠਿੰਡਾ, 2 ਅਕਤੂਬਰ(ਵੀਰਪਾਲ ਕੌਰ)-ਪੰਜਾਬ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਪੰਚੀ ਅਤੇ ਪੰਚੀ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਰਹੀਆਂ ਹਨ। ਨਮਜ਼ਦਗੀ ਭਰਨ ਸਮੇਂ ਪਿਛਲੇ ਦਿਨੀਂ ਪਟਿਆਲਾ ਜਿਲ੍ਹੇ ਦੇ ਕਸਬਾ ਭੁਨਰਹੇੜੀ ਦੀ ਘਟਨਾ ਤੋਂ ਬਾਅਦ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਫੂਲ ਵੱਲੋਂ ਪੰਚਾਇਤ ਸਕੱਤਰਾਂ ‘ਤੇ ਸਖਤੀ ਕਰਨ ਦੀ ਮੰਗ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ(ਪੇਂਡੂ ਵਿਕਾਸ)ਕਮ ਵਧੀਕ ਜਿਲ੍ਹਾ ਚੋਣਕਾਰ ਅਫਸਰ ਬਠਿੰਡਾ ਅਤੇ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਪੱਤਰ ਲਿਖ ਕੇ ਪੰਚਾਇਤੀ ਚੋਣਾਂ ਦੌਰਾਨ ਦਫਤਰਾਂ ‘ਚ ਹਾਜ਼ਰ ਰਹਿਣ ਲਈ ਸਖਤ ਹਦਾਇਤ ਜਾਰੀ ਕਰਨ ਅਤੇ ਡਿਊਟੀ ਦੌਰਾਨ ਗੈਰ ਹਾਜ਼ਰ ਰਹਿਣ ਵਾਲੇ ਪੰਚਾਇਤ ਸਕੱਤਰਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਪੱਤਰ ਰਾਹੀਂ ਉਨ੍ਹਾਂ ਦੱਸਿਆ ਕਿ ਬਲਾਕ ਫੂਲ ਦੇ ਪੰਚਾਇਤ ਸਕੱਤਰ ਅਮਨਦੀਪ ਸਿੰਘ, ਅੰਮ੍ਰਿਤਪਾਲ ਸਿੰਘ ਤੇ ਮੋਹਨ ਸਿੰਘ ਜੋ ਕਿ 1 ਅਕਤੂਬਰ 2024 ਨੂੰ ਦਫਤਰ ‘ਚ ਹਾਜ਼ਰ ਨਹੀਂ ਸਨ, ਜਿਸ ਕਾਰਨ ਦਫਤਰ ‘ਚ ਐਨ ਓ ਸੀ ਅਤੇ ਚੁੱਲਾ ਟੈਕਸ ਨਾ ਮਿਲਣ ਕਾਰਨ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ, ਤੇ ਬਾਕੀ ਸਟਾਫ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਦਫਤਰ ਦਾ ਮਹੌਲ ਖਰਾਬ ਹੋਇਆ। ਉਨ੍ਹਾਂ ਮੰਗ ਕੀਤੀ ਕਿ ਉਪਰੋਕਤ ਦੋਵਾਂ ਕਰਮਚਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।