ਦਿੱਲੀ, 28 ਸਤੰਬਰ : ਦਿੱਲੀ ਦੇ ਵਸੰਤ ਕੁੰਜ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕੋ ਪਰਿਵਾਰ ਦੇ 5 ਮੈਂਬਰਾਂ ਨੇ ਖ਼ੁਦਕੁਸ਼ੀ ਕਰ ਲਈ ਹੈ। ਪਿਤਾ ਨੇ ਆਪਣੀਆਂ 4 ਧੀਆਂ ਸਮੇਤ ਖ਼ੁਦਕੁਸ਼ੀ ਕਰ ਲਈ ਹੈ। ਪਿਤਾ ਨੇ ਪਹਿਲਾਂ ਆਪਣੀਆਂ ਚਾਰ ਧੀਆਂ ਨੂੰ ਜ਼ਹਿਰ ਖੁਆਇਆ, ਫਿਰ ਖੁਦ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਇਸ ਵਿਅਕਤੀ ਦੀ ਪਤਨੀ ਦੀ ਇੱਕ ਸਾਲ ਪਹਿਲਾਂ ਕੈਂਸਰ ਨਾਲ ਮੌਤ ਹੋ ਗਈ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਰੰਗਪੁਰੀ ਪਿੰਡ ਦੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾ ਰਹੀ ਹੈ ਕਿ ਇਹ ਖ਼ੁਦਕੁਸ਼ੀ ਹੈ ਜਾਂ ਕਿਸੇ ਦੀ ਸਾਜ਼ਿਸ਼। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਦੀਆਂ ਚਾਰੋਂ ਬੇਟੀਆਂ ਅਪਾਹਜ ਸਨ।
ਉਨ੍ਹਾਂ ਵਿੱਚੋਂ ਕੋਈ ਨਹੀਂ ਦੇਖ ਸਕਦੀ ਸੀ, ਤੇ ਨਾ ਹੀ ਕੋਈ ਤੁਰ ਸਕਦੀ ਸੀ। ਇਸ ਖ਼ੁਦਕੁਸ਼ੀ ਦਾ ਖੁਲਾਸਾ ਉਦੋਂ ਹੋਇਆ ਜਦੋਂ ਘਰ ਦਾ ਦਰਵਾਜ਼ਾ ਨਹੀਂ ਖੁੱਲਿਆ। ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਨਹੀਂ ਖੋਲ੍ਹਿਆ। ਪੁਲਿਸ ਦਰਵਾਜ਼ਾ ਤੋੜ ਕੇ ਅੰਦਰ ਗਈ ਤਾਂ ਉਹ ਹੈਰਾਨ ਰਹਿ ਗਈ।
ਪਿਤਾ ਅਤੇ ਉਸ ਦੀਆਂ ਚਾਰ ਧੀਆਂ ਘਰ ਦੇ ਅੰਦਰ ਮ੍ਰਿਤਕ ਪਾਏ ਗਏ। ਜਦੋਂ ਪੁਲਿਸ ਨੇ ਸੀਸੀਟੀਵੀ ਦੀ ਤਲਾਸ਼ੀ ਲਈ ਤਾਂ ਪਤਾ ਲੱਗਾ ਕਿ ਉਕਤ ਵਿਅਕਤੀ ਨੂੰ ਆਖਰੀ ਵਾਰ 24 ਸਤੰਬਰ ਨੂੰ ਘਰ ਅੰਦਰ ਜਾਂਦੇ ਹੋਏ ਦੇਖਿਆ ਗਿਆ, ਇਸ ਲਈ ਉਸ ਨੇ ਉਸੇ ਦਿਨ ਹੀ ਆਪਣੀਆਂ ਧੀਆਂ ਸਮੇਤ ਖ਼ੁਦਕੁਸ਼ੀ ਕਰ ਲਈ ਹੋਵੇਗੀ, ਜਿਸ ਕਾਰਨ ਲਾਸ਼ਾਂ ਵੀ ਗਲਨ ਲੱਗ ਪਈਆਂ ਸਨ। ਪੁਲਿਸ ਨੇ ਦੱਸਿਆ ਕਿ ਸਾਰਿਆਂ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕੀਤੀ ਹੈ। ਪਿਤਾ ਤਰਖਾਣ ਦਾ ਕੰਮ ਕਰਦਾ ਸੀ ਅਤੇ ਹੋ ਸਕਦਾ ਹੈ ਕਿ ਘਰ ਦੇ ਮਾੜੇ ਹਾਲਾਤਾਂ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ ਹੋਵੇ।