ਸੈਕਰਾਮੈਂਟੋ ( ਹੁਸਨ ਲੜੋਆ ਬੰਗਾ) ਪੰਜਾਬੀ ਹੈਰੀਟੇਜ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਤੀਆਂ ਕਰਵਾਈਆਂ ਗਈਆਂ , ਜਿਸ ਵਿੱਚ ਬੀਬੀਆਂ ਦੇ ਰਿਕਾਰਡ ਤੋੜ ਇਕੱਠ ਨੇ ਪ੍ਰਬੰਧਕਾਂ ਦੇ ਹੌਸਲੇ ਬੁਲੰਦ ਕੀਤੇ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਆਪਣੇ ਗੀਤਾਂ ਰਾਹੀਂ ਬੀਬੀਆਂ ਨੂੰ ਨਚਾਇਆ ਤੇ ਬੀਬੀਆਂ ਦਾ ਭਰਪੂਰ ਮਨੋਰੰਜਨ ਕੀਤਾ। ਇਹ ਤੀਆਂ ਦਾ ਪ੍ਰੋਗਰਾਮ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਚੱਲਿਆ। ਭਾਵੇਂ ਕਿ ਇਸ ਪ੍ਰੋਗਰਾਮ ਨੂੰ ਵੱਖ-ਵੱਖ ਬਿਜਨਸਮੈਨਾਂ ਵੱਲੋਂ ਸਪੌਂਸਰ ਕੀਤਾ ਗਿਆ ਸੀ, ਪਰ ਇਸ ਦੇ ਮੁੱਖ ਪ੍ਰਬੰਧਕ ਜਸਮਿੰਦਰ ਮੱਟੂ ਨੇ ਆਈਆਂ ਸਾਰੀਆਂ ਬੀਬੀਆਂ ਦਾ ਤੇ ਕਲਾਕਾਰ ਗਰੁੱਪਾਂ ਦਾ ਧੰਨਵਾਦ ਕੀਤਾ ।
ਇਸ ਮੌਕੇ ਸਟੇਜ ਦੀ ਸ਼ਾਨ ਬੀਬੀ ਆਸ਼ਾ ਸ਼ਰਮਾ ਤੇ ਹਰਜੀਤ ਉਪਲ ਨੇ ਵੱਖ-ਵੱਖ ਕਲਾਕਾਰਾਂ ਤੇ ਵੱਖ ਵੱਖ ਕਲਾਕਾਰ ਗਰੁੱਪਾਂ ਨੂੰ ਸਟੇਜ ਤੇ ਕਰਮਵਾਰ ਬੁਲਾਇਆ, ਇਹ ਕਲਾਕਾਰ ਗਰੁੱਪ ਜਿਨਾਂ ਵਿੱਚ ਸਕਿੱਟ, ਭੰਗੜਾ, ਗਿੱਧਾ ਆਦਿ ਵੱਖ-ਵੱਖ ਦੂਰੋਂ ਨੇੜਿਓਂ ਸ਼ਾਮਿਲ ਹੋਏ। ਜਿਸ ਹਾਲ ਦੇ ਵਿੱਚ ਤੀਆਂ ਕਰਵਾਈਆਂ ਗਈਆਂ ਉਹ ਬੀਬੀਆਂ ਨਾਲ ਖਚਾ ਖੱਚ ਭਰਿਆ ਹੋਇਆ ਸੀ, ਇਹ ਹੁਣ ਤੱਕ ਲਾਗੇ ਤਾਗੇ ਦੀਆਂ ਲੱਗਣ ਵਾਲੀਆਂ ਤੀਆਂ ਦਾ ਸਭ ਤੋਂ ਵੱਡਾ ਇਕੱਠ ਸੀ। ਇਸ ਮੌਕੇ ਲਾਈਵ ਓਕ ਦੀਆਂ ਬੀਬੀਆਂ ਨੇ ਪੁਰਾਣੇ ਸੁਹਾਗ ਤੇ ਘੋੜੀਆਂ ਗਾ ਕੇ ਪੁਰਾਣੇ ਸਮੇਂ ਨੂੰ ਯਾਦ ਕਰਵਾ ਦਿੱਤਾ। ਮਾਵਾਂ ਧੀਆਂ ਦਾ ਗਿੱਧਾ ਇੱਕ ਵੱਖਰੀ ਕਿਸਮ ਦੀ ਛਾਪ ਛੱਡ ਗਿਆ।
ਇਸ ਮੌਕੇ ਸਿਆਟਲ ਤੋਂ ਟਿਕਟੌਕਰ ਪੁਸ਼ਪਾ ਰਾਣੀ ਤੇ ਟਿਕਟੌਕਰ ਰੂਬੀ ਬਾਸੀ ਨੂੰ ਸਨਮਾਨ ਕੀਤਾ ਗਿਆ ਤੇ ਸਪਾਂਸਰਾਂ ਦੀਆਂ ਬੀਬੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਵੱਖ ਵੱਖ
ਕੀਮਤੀ ਸੋਨੇ ਦੇ ਗਹਿਣੇ ਵੀ ਰੈਫਲਾਂ ਰਾਹੀਂ ਕੱਢੇ ਗਏ। ਇਸ ਮੌਕੇ ਤੀਆਂ ਦੇ ਮੇਲੇ ਦੇ ਮੁੱਖ ਪ੍ਰਬੰਧਕ ਬੀਬੀ ਜਸਮਿੰਦਰ ਕੌਰ ਮੱਟੂ ਨੇ ਇਸ ਤੋਂ ਵੀ ਵਧੀਆ ਤੀਆਂ ਦਾ ਇਕੱਠ ਅਗਲੇ ਵਰ੍ਹੇ ਕਰਾਉਣ ਦਾ ਐਲਾਨ ਕੀਤਾ।