ਨਵੀਂ ਦਿੱਲੀ, 26 ਸਤੰਬਰ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ‘ਬਿੱਗ ਬੌਸ ਓਟੀਟੀ 2’ ਦੇ ਜੇਤੂ ਐਲਵਿਸ਼ ਯਾਦਵ ਅਤੇ ਗਾਇਕ ਫਾਜ਼ਿਲਪੁਰੀਆ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸੱਪ ਦੇ ਜ਼ਹਿਰ ਦੇ ਗੈਰ-ਕਾਨੂੰਨੀ ਵਪਾਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਨੇ ਵੱਡਾ ਕਦਮ ਚੁੱਕਿਆ ਹੈ।
ਰਿਪੋਰਟ ਮੁਤਾਬਕ ਈਡੀ ਨੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿਚ ਸਥਿਤ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਇਹ ਜਾਇਦਾਦਾਂ ਪੀਐਮਐਲਏ ਦੀਆਂ ਧਾਰਾਵਾਂ ਤਹਿਤ ਜ਼ਬਤ ਕੀਤੀਆਂ ਗਈਆਂ ਹਨ।
ਇਸ ਤੋਂ ਪਹਿਲਾਂ ਵੀ ਈਡੀ ਇਸ ਮਾਮਲੇ ਵਿਚ ਯਾਦਵ ਅਤੇ ਫਾਜ਼ਿਲਪੁਰੀਆ ਤੋਂ ਕਈ ਵਾਰ ਪੁੱਛਗਿੱਛ ਕਰ ਚੁੱਕੀ ਹੈ। ਉਨ੍ਹਾਂ ਦੇ ਬਿਆਨ ਪਹਿਲਾਂ ਹੀ ਰਿਕਾਰਡ ‘ਤੇ ਹਨ। ਨੋਇਡਾ ਪੁਲਿਸ ਨੇ ਇਸ ਤੋਂ ਪਹਿਲਾਂ ਅਲਵਿਸ਼ ਯਾਦਵ ਨੂੰ ਸੱਪ ਦੇ ਜ਼ਹਿਰ ਦੇ ਗੈਰ-ਕਾਨੂੰਨੀ ਵਪਾਰ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਬਾਅਦ ਵਿਚ ਈਡੀ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਤਹਿਤ ਕੇਸ ਦਰਜ ਕੀਤਾ।
ਪਿਛਲੇ ਕਾਫੀ ਸਮੇਂ ਤੋਂ ਐਲਵਿਸ਼ ਯਾਦਵ ਰੇਵ ਪਾਰਟੀਆਂ ‘ਚ ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਗੰਭੀਰ ਦੋਸ਼ਾਂ ‘ਚ ਘਿਰਿਆ ਹੋਇਆ ਹੈ। ਇਸ ਮਾਮਲੇ ਵਿੱਚ ਪੁਲਿਸ ਤੋਂ ਲੈ ਕੇ ਈਡੀ ਤੱਕ ਸਾਰਿਆਂ ਨੇ ਉਸ ਤੋਂ ਪੁੱਛਗਿੱਛ ਕੀਤੀ ਹੈ। ਹਾਲ ਹੀ ‘ਚ 5 ਸਤੰਬਰ ਨੂੰ ਈਡੀ ਨੇ ਯੂਟਿਊਬਰ ਐਲਵਿਸ਼ ਯਾਦਵ ਤੋਂ ਵੀ ਕਾਫੀ ਦੇਰ ਤੱਕ ਪੁੱਛਗਿੱਛ ਕੀਤੀ ਸੀ। ਦੱਸਿਆ ਗਿਆ ਕਿ ਇਹ ਪੁੱਛਗਿੱਛ ਕਰੀਬ 8 ਘੰਟੇ ਚੱਲੀ ਸੀ।