ਕੈਨੇਡਾ, 26 ਸਤੰਬਰ : ਕੈਨੇਡਾ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰੋਜ਼ੀ ਰੋਟੀ ਕਮਾਉਣ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਉਂਟਾਰੀਓ ’ਚ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਮਹਿਕਪ੍ਰੀਤ ਸਿੰਘ (21) ਪੁੱਤਰ ਸੁਖਚੈਨ ਸਿੰਘ ਕਲੇਰ ਵਜੋਂ ਮ੍ਰਿਤਕ ਦੀ ਪਛਾਣ ਹੋਈ ਹੈ ਮ੍ਰਿਤਕ ਨੌਜਵਾਨ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਜ ਖੁਰਦ ਦਾ ਰਹਿਣ ਵਾਲਾ ਸੀ। ਗੁਰਮਹਿਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਦੱਸ ਦੇਈਏ ਕਿ ਇਹ ਛੇ ਹਫ਼ਤਿਆਂ ਅੰਦਰ ਵਿਦੇਸ਼ੀ ਧਰਤੀ ਉੱਤੇ ਜ਼ਿਲ੍ਹਾ ਮਲੇਰਕੋਟਲਾ ਦੇ ਚੌਥੇ ਨੌਜਵਾਨ ਦੀ ਮੌਤ ਹੋਈ ਹੈ। ਨੌਜਵਾਨ ਨੇ ਆਪਣੀ ਦੋ ਸਾਲਾ ਦੀ ਪੜ੍ਹਾਈ ਮੁਕੰਮਲ ਕਰ ਲਈ ਸੀ, ਹੁਣ ਉਹ ਵਰਕ ਪਰਮਿਟ ਉੱਤੇ ਰਹਿ ਰਿਹਾ ਸੀ। ਉਹ ਇਕ ਇਲੈਕਟਰੀਕਲ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਸੀ।
ਗੁਰਮਹਿਕਪ੍ਰੀਤ ਸਿੰਘ ਦੀ ਕਾਰ ਹਾਦਸੇ ਵਿੱਚ ਹੋਈ ਮੌਤ ਦੇ ਬੇਸ਼ੱਕ ਪੂਰੇ ਵੇਰਵੇ ਪ੍ਰਾਪਤ ਨਹੀਂ ਹੋਏ, ਪ੍ਰੰਤੂ ਕੈਨੇਡਾ ਵਿੱਚ ਪੰਜਾਬੀਆਂ ਦੀ ਮਦਦ ਲਈ ਸਰਗਰਮ ਸਮਾਜ ਸੇਵੀ ਸੰਸਥਾ “ਗੋ ਫੰਡ ਮੀ” ਵੱਲੋਂ ਆਪਣੀ ਵੈਬਸਾਈਟ ਉੱਪਰ ਗੁਰਮਹਿਕਪ੍ਰੀਤ ਸਿੰਘ ਦੀ ਤਸਵੀਰ ਅਪਲੋਡ ਕਰ ਕੇ ਉਸ ਦੀ ਮ੍ਰਿਤਕ ਦੇਹ ਨੂੰ ਮਾਪਿਆਂ ਕੋਲ ਵਾਪਸ ਪੰਜਾਬ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਪਿਛਲੇ ਛੇ ਹਫ਼ਤਿਆਂ ਅੰਦਰ ਇਹ ਚੌਥੇ ਨੌਜਵਾਨ ਦੀ ਮੌਤ ਹੈ ਇਸ ਤੋਂ ਪਹਿਲਾਂ ਵਿਆਹ ਕਰਵਾ ਕੇ ਪਤਨੀ ਕੋਲ ਇੰਗਲੈਂਡ ਗਏ ਪਿੰਡ ਸ਼ੇਰਗੜ੍ਹ ਚੀਮਾ ਦੇ 23 ਸਾਲਾਂ ਨੌਜਵਾਨ ਗੁਰਵੀਰ ਸਿੰਘ ਪੁੱਤਰ ਰਤਨਦੀਪ ਸਿੰਘ ਦੀ ਭੇਤਭਰੇ ਹਲਾਤਾਂ ਵਿੱਚ ਮੌਤ ਹੋ ਗਈ ਸੀ। ਨੌਜਵਾਨ ਗੁਰਵੀਰ ਸਿੰਘ ਦੀ ਲਾਸ਼ ਹਾਲੇ ਵੀ ਲੰਡਨ ਦੇ ਕੋਇਨ ਹਸਪਤਾਲ ਵਿੱਚ ਹੈ। ਜਿਸ ਨੂੰ ਮਾਪਿਆਂ ਕੋਲ ਪੰਜਾਬ ਭੇਜਣ ਲਈ ਸਥਾਨਕ ਸਮਾਜ ਸੇਵੀ ਸੰਸਥਾ “ਗੋ ਫੰਡ ਮੀ” ਵੱਲੋਂ ਮੁਹਿੰਮ ਆਰੰਭੀ ਗਈ ਹੈ।
ਸਤੰਬਰ ਦੇ ਪਹਿਲੇ ਹਫ਼ਤੇ ਮਲੇਰਕੋਟਲਾ ਨੇੜਲੇ ਪਿੰਡ ਬਡਲਾ ਦੇ ਸਾਬਕਾ ਸਰਪੰਚ ਭਰਪੂਰ ਸਿੰਘ ਦੇ ਅੱਠ ਮਹੀਨੇ ਪਹਿਲਾਂ ਸਟੱਡੀ ਵੀਜੇ ’ਤੇ ਕੈਨੇਡਾ ਗਏ 22 ਸਾਲਾਂ ਨੌਜਵਾਨ ਪੁੱਤਰ ਜਸਨਦੀਪ ਸਿੰਘ ਮਾਨ ਦਾ ਇੱਕ 40 ਸਾਲਾਂ ਗੋਰੇ ਵੱਲੋਂ ਅਲਬਰਟਾ ਦੇ ਡਾਊਨ ਟਾਊਨ ਐਡ ਮਿੰਟਨ ਪਾਰਕਿੰਗ ਵਿੱਚ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਸੀ। ਲੰਘੀ 17 ਸਤੰਬਰ ਨੂੰ ਪਿੰਡ ਮਾਣਕੀ ਦੀ ਕੈਨੇਡਾ ਸਟੱਡੀ ਵੀਜੇ ’ਤੇ ਗਈ 22 ਸਾਲਾ ਲੜਕੀ ਅਨੂ ਮਾਲੜਾ ਦੀ ਮੌਤ ਹੋ ਗਈ ਸੀ।