ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਯੂ ਐਸ ਸੁਪਰੀਮ ਕਰੋਟ ਦੁਆਰਾ ਹੱਤਿਆ ਦੇ ਮਾਮਲੇ ਵਿਚ ਫਾਂਸੀ ਦੀ ਸਜ਼ਾ ਉਪਰ ਰੋਕ ਲਾਉਣ ਤੋਂ ਨਾਂਹ ਕਰ ਦੇਣ ਉਪਰੰਤ ਸ਼ੱਕੀ ਦੋਸ਼ੀ ਮਰਸੀਲਸ ਵਿਲੀਅਮਜ ਨੂੰ ਮਿਸੂਰੀ ਰਾਜ ਦੀ ਇਕ ਜੇਲ ਵਿਚ ਜ਼ਹਿਰ ਦਾ ਟੀਕਾ ਲਾ ਦਿੱਤਾ ਗਿਆ। 55 ਸਾਲਾ ਵਿਲੀਅਮਜ ਨੂੰ ਬੋਨੇ ਟੈਰੇ ਵਿਚਲੀ ਸਟੇਟ ਜੇਲ ਵਿਚ ਸ਼ਾਮ 6 ਵਜੇ ਜ਼ਹਿਰ ਦਾ ਟੀਕਾ
ਲਾਇਆ ਗਿਆ ਜਿਸ ਉਪਰੰਤ ਕੁਝ ਮਿੰਟਾਂ ਬਾਅਦ ਹੀ ਉਸ ਦੀ ਮੌਤ ਹੋ ਗਈ। ਵਿਲੀਅਮਜ ਹਮੇਸ਼ਾਂ ਆਪਣੇ ਆਪ ਨੂੰ ਨਿਰਦੋਸ਼ ਦੱਸਦਾ ਆਇਆ ਹੈ।
ਵਿਲੀਅਮਜ ਦੇ ਵਕੀਲਾਂ ਨੇ ਆਪਣੇ ਵੱਲੋਂ ਪੇਸ਼ ਕੀਤੇ ਨਵੇਂ ਸਬੂਤਾਂ ਦੇ ਆਧਾਰ 'ਤੇ ਯੂ ਐਸ ਸੁਪਰੀਮ ਕੋਰਟ ਵਿਚ ਮੌਤ ਦੀ ਸਜ਼ਾ ਵਿਰੁੱਧ ਅਪੀਲੀ ਕੀਤੀ ਸੀ ਤੇ ਮੰਗ ਕੀਤੀ ਸੀ ਕਿ ਫਾਂਸੀ ਉਪਰ ਤੁਰੰਤ ਰੋਕ ਲਾਈ ਜਾਵੇ। ਵਕੀਲਾਂ ਨੇ ਦੋਸ਼ ਲਾਇਆ ਸੀ ਕਿ ਮਾਮਲੇ ਦੀ ਸੁਣਵਾਈ ਲਈ ਜੱਜਾਂ ਦੀ ਚੋਣ ਸਮੇ ਪੱਖਪਾਤ ਹੋਇਆ ਹੈ। ਪੀੜਤ ਪਰਿਵਾਰ ਨੇ ਵੀ ਕਿਹਾ ਸੀ ਕਿ ਵਿਲੀਅਮਜ ਨੂੰ
ਬਖਸ਼ ਦਿੱਤਾ ਜਾਵੇ ਤੇ ਉਸ ਨੂੰ ਫਾਹੇ ਨਾ ਲਾਇਆ ਜਾਵੇ। ਸੁਪਰੀਮ ਕੋਰਟ ਦਾ ਫੈਸਲਾ ਮਿਸੂਰੀ ਦੀ ਸੁਪਰੀਮ ਕੋਰਟ ਤੇ ਗਵਰਨਰ ਦੇ ਫੈਸਲੇ ਤੋਂ ਬਾਅਦ ਆਇਆ ਹੈ ਜਿਨਾਂ ਨੇ ਫਾਂਸੀ ਉਪਰ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਸੀ। ਵਿਲੀਅਮਜ ਨੂੰ ਕਿਸੇ ਵੇਲੇ ਇਕ ਅਖਬਾਰ ਦੀ ਰਿਪੋਰਟਰ ਰਹੀ ਬੀਬੀ ਫੇਲਸੀਆ ਗੇਲ ਦੀ ਹੋਈ ਮੌਤ ਦੇ ਮਾਮਲੇ ਵਿਚ 2001 ਵਿਚ ਪਹਿਲਾ ਦਰਜਾ ਹੱਤਿਆ ਦੇ
ਦੋਸ਼ਾਂ ਤਹਿਤ ਮੌਤ ਦੀ ਸਜ਼ਾ ਸੁਣਾਈ ਗਈ ਸੀ। ਗੇਲ 1998 ਵਿਚ ਆਪਣੇ ਘਰ ਵਿਚ ਮ੍ਰਿਤਕ ਹਾਲਤ ਵਿਚ ਮਿਲੀ ਸੀ। ਉਸ ਨੂੰ ਚਾਕੂ ਨਾਲ ਮਾਰਿਆ ਗਿਆ ਸੀ।