19 ਸਤੰਬਰ 2024-ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਟਰੂਡੋ ਸਰਕਾਰ ਨੇ ਸਟੂਡੈਂਟ ਵੀਜ਼ਾ ਦੀ ਗਿਣਤੀ 35 ਫੀਸਦੀ ਤੱਕ ਘਟਾਉਣ ਦਾ ਐਲਾਨ ਕੀਤਾ ਹੈ। ਇਹ ਐਲਾਨ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਐਕਸ ‘ਤੇ ਪੋਸਟ ਕਰਕੇ ਕੀਤਾ ਹੈ। ਜਸਟਿਨ ਟਰੂਡੋ ਨੇ ਟਵੀਟ ਕੀਤਾ, ਅਸੀਂ ਇਸ ਸਾਲ 35 ਫੀਸਦੀ ਘੱਟ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਰਮਿਟ ਦੇ ਰਹੇ ਹਾਂ।
ਇਸ ਦੇ ਨਾਲ ਹੀ ਟਰੂਡੋ ਨੇ ਕਿਹਾ, “ਅਸੀਂ ਘੱਟ ਤਨਖਾਹ ਵਾਲੇ, ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾ ਰਹੇ ਹਾਂ ਅਤੇ ਉਨ੍ਹਾਂ ਦੇ ਕੰਮ ਦੇ ਘੰਟੇ ਘਟਾ ਰਹੇ ਹਾਂ। ਅਸੀਂ ਮਹਾਂਮਾਰੀ ਤੋਂ ਬਾਅਦ ਪ੍ਰੋਗਰਾਮ ਨੂੰ ਐਡਜਸਟ ਕੀਤਾ, ਪਰ ਲੇਬਰ ਮਾਰਕੀਟ ਬਦਲ ਰਹੀ ਹੈ। ‘ਸਾਨੂੰ ਅਜਿਹੇ ਕਾਰੋਬਾਰਾਂ ਦੀ ਲੋੜ ਹੈ ਜੋ ਕੈਨੇਡੀਅਨ ਕਾਮਿਆਂ ਵਿੱਚ ਨਿਵੇਸ਼ ਕਰਦੇ ਹਨ। ਹਾਲਾਂਕਿ ਟਰੂਡੋ ਦੇ ਇਸ ਬਿਆਨ ਨੂੰ ਆਮ ਚੋਣਾਂ ਨੂੰ ਲੈ ਕੇ ਅਹਿਮ ਮੰਨਿਆ ਜਾ ਰਿਹਾ ਹੈ। ਟਰੂਡੋ ਕੈਨੇਡਾ ਵਿੱਚ ਇਮੀਗ੍ਰੇਸ਼ਨ ਅਤੇ ਨੌਕਰੀਆਂ ਦੇ ਮੁੱਦਿਆਂ ਵਿੱਚ ਲਗਾਤਾਰ ਘਿਰੇ ਹੋਏ ਹਨ।
ਸਰਕਾਰ ਦੇ ਅਨੁਸਾਰ, ਕੈਨੇਡਾ 2025 ਵਿੱਚ 437,000 ਸਟੱਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ। 2024 ਵਿੱਚ ਇਹ 485,000 ਹੈ। ਸਾਲ 2026 ਵਿੱਚ ਵੀ ਪਰਮਿਟਾਂ ਦੀ ਗਿਣਤੀ 437,000 ਰਹੇਗੀ। ਇਸ ਤੋਂ ਪਹਿਲਾਂ 2023 ਵਿੱਚ ਕੈਨੇਡਾ ਨੇ 509,390 ਵਿਦਿਆਰਥੀਆਂ ਨੂੰ ਪਰਮਿਟ ਦਿੱਤੇ ਸਨ।
ਮੀਡੀਆ ਨੂੰ ਸੰਬੋਧਨ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ, ‘ਕੈਨੇਡਾ ਆਉਣਾ ਸਨਮਾਨ ਹੈ, ਅਧਿਕਾਰ ਨਹੀਂ। ਉਸਨੇ ਕਿਹਾ ਕਿ ਹਕੀਕਤ ਇਹ ਹੈ ਕਿ ਹਰ ਕੋਈ ਜੋ ਕੈਨੇਡਾ ਆਉਣਾ ਚਾਹੁੰਦਾ ਹੈ ਉਹ ਨਹੀਂ ਆ ਸਕਦਾ ਇਸੇ ਤਰ੍ਹਾਂ ਜਿਹੜੇ ਲੋਕ ਕੈਨੇਡਾ ਵਿੱਚ ਹਨ ਅਤੇ ਇੱਥੇ ਰਹਿਣਾ ਚਾਹੁੰਦੇ ਹਨ, ਉਹ ਇੱਥੇ ਨਹੀਂ ਰਹਿ ਸਕਣਗੇ।
ਹਰ ਸਾਲ ਲੱਖਾਂ ਭਾਰਤੀ ਵਿਦਿਆਰਥੀ ਸਟੱਡੀ ਪਰਮਿਟ ‘ਤੇ ਕੈਨੇਡਾ ਜਾ ਰਹੇ ਹਨ। ਕੈਨੇਡਾ ਸਰਕਾਰ ਦੇ ਅਧਿਕਾਰਤ ਅੰਕੜਿਆਂ ਅਨੁਸਾਰ 2022 ਦੇ ਮੁਕਾਬਲੇ 2023 ਵਿੱਚ ਐਕਟਿਵ ਸਟੂਡੈਂਟ ਵੀਜ਼ਿਆਂ ਦੀ ਗਿਣਤੀ ਲਗਭਗ 29 ਫੀਸਦੀ ਵਧ ਕੇ 10 ਲੱਖ 40 ਹਜ਼ਾਰ ਹੋ ਗਈ ਹੈ।