13 ਸਤੰਬਰ 2024 : ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਗਲੇ ਹਫਤੇ ਡੇਲਾਵੇਅਰ ਸਥਿਤ ਅਪਣੀ ਰਿਹਾਇਸ਼ ’ਤੇ ਕਵਾਡ ਨੇਤਾਵਾਂ ਦੇ ਚੌਥੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨਗੇ। ਵ੍ਹਾਈਟ ਹਾਊਸ ਦੇ ਇਕ ਬੁਲਾਰੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।
ਕਵਾਡ (ਚਹੁੰਪੱਖੀ ਸੁਰੱਖਿਆ ਗੱਲਬਾਤ) ’ਚ ਚਾਰ ਦੇਸ਼ – ਆਸਟਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਸ਼ਾਮਲ ਹਨ। ਭਾਰਤ ਨੂੰ ਇਸ ਸਾਲ ਕਵਾਡ ਦੀ ਮੇਜ਼ਬਾਨੀ ਕਰਨੀ ਸੀ ਪਰ ਹੁਣ ਉਹ ਅਗਲੇ ਸਾਲ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਕਵਾਡ ਲੀਡਰਸ਼ਿਪ ਸਿਖਰ ਸੰਮੇਲਨ ਬਾਈਡਨ ਦੀ ਪਹਿਲ ਹੈ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਦੀ ਵਿਦੇਸ਼ ਨੀਤੀ ਦੀਆਂ ਪ੍ਰਮੁੱਖ ਪਰੰਪਰਾਵਾਂ ਵਿਚੋਂ ਇਕ ਹੈ।
ਵਾਇਟ ਹਾਊਸ ਦੀ ਪ੍ਰੈੱਸ ਸਕੱਤਰ ਕੈਰਿਨ ਜੀਨ-ਪਿਅਰੇ ਨੇ ਕਿਹਾ, ‘‘ਰਾਸ਼ਟਰਪਤੀ ਜੋਸੇਫ ਆਰ ਬਾਈਡਨ ਜੂਨੀਅਰ ਸਨਿਚਰਵਾਰ , 21 ਸਤੰਬਰ ਨੂੰ ਡੇਲਾਵੇਅਰ ਦੇ ਵਿਲਮਿੰਗਟਨ ’ਚ ਕਵਾਡ ਨੇਤਾਵਾਂ ਦੇ ਚੌਥੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨਗੇ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ ਦਾ ਸਵਾਗਤ ਕਰਨ ਲਈ ਉਤਸੁਕ ਹਨ।’’
ਉਨ੍ਹਾਂ ਕਿਹਾ, ‘‘ਰਾਸ਼ਟਰਪਤੀ ਬਾਈਡਨ ਪਹਿਲੀ ਵਾਰ ਵਿਲਮਿੰਗਟਨ ਵਿਚ ਵਿਦੇਸ਼ੀ ਨੇਤਾਵਾਂ ਦੀ ਮੇਜ਼ਬਾਨੀ ਕਰਨਗੇ- ਇਹ ਕਵਾਡ ਦੇ ਹਰ ਨੇਤਾ ਨਾਲ ਉਨ੍ਹਾਂ ਦੇ ਡੂੰਘੇ ਨਿੱਜੀ ਸਬੰਧਾਂ ਅਤੇ ਸਾਡੇ ਸਾਰੇ ਦੇਸ਼ਾਂ ਲਈ ਕਵਾਡ ਦੀ ਮਹੱਤਤਾ ਨੂੰ ਦਰਸਾਉਂਦਾ ਹੈ।’’
ਉਨ੍ਹਾਂ ਕਿਹਾ ਕਿ ਹਾਲ ਹੀ ਦੇ ਸਾਲਾਂ ’ਚ ਕਵਾਡ ਦੇ ਵਿਦੇਸ਼ ਮੰਤਰੀਆਂ ਨੇ ਅੱਠ ਵਾਰ ਮੁਲਾਕਾਤ ਕੀਤੀ ਹੈ ਅਤੇ ਕਵਾਡ ਦੇਸ਼ਾਂ ਦੀਆਂ ਸਰਕਾਰਾਂ ਹਰ ਪੱਧਰ ’ਤੇ ਮੀਟਿੰਗਾਂ ਅਤੇ ਤਾਲਮੇਲ ਜਾਰੀ ਰਖਿਆ ਹੈ।