North Korea : ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਪ੍ਰਮਾਣੂ ਹਥਿਆਰਾਂ ਦੇ ਨਿਰਮਾਣ ’ਚ ਵਰਤੇ ਜਾਣ ਵਾਲੇ ਯੂਰੇਨੀਅਮ ਦਾ ਸੰਵਰਧਨ ਕਰਨ ਵਾਲੇ ਇਕ ਗੁਪਤ ਪਲਾਂਟ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ।
ਦੇਸ਼ ਦੇ ਨੇਤਾ ਕਿਮ ਜੋਂਗ ਉਨ ਨੇ ਇਸ ਸਹੂਲਤ ਦਾ ਦੌਰਾ ਕੀਤਾ ਅਤੇ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਵਿਚ ‘ਤੇਜ਼ੀ ਨਾਲ’ ਵਾਧਾ ਕਰਨ ਦੀ ਮੰਗ ਕੀਤੀ। ਸਰਕਾਰੀ ਮੀਡੀਆ ਨੇ ਅਪਣੀ ਰੀਪੋਰਟ ’ਚ ਇਹ ਜਾਣਕਾਰੀ ਦਿਤੀ।
ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਸਹੂਲਤ ਉੱਤਰੀ ਕੋਰੀਆ ਦੇ ਯੋਂਗਬਯੋਨ ਪ੍ਰਮਾਣੂ ਕੰਪਲੈਕਸ ’ਚ ਸਥਿਤ ਹੈ ਜਾਂ ਨਹੀਂ, ਪਰ ਇਹ ਪਹਿਲੀ ਵਾਰ ਹੈ ਜਦੋਂ ਕੋਰੀਆ ਨੇ ਦੇਸ਼ ’ਚ ਯੂਰੇਨੀਅਮ ਸੰਵਰਧਨ ਕਰਨ ਦੀਆਂ ਸਹੂਲਤਾਂ ਬਾਰੇ ਜਨਤਕ ਤੌਰ ’ਤੇ ਪ੍ਰਗਟਾਵਾ ਕੀਤਾ ਹੈ।
ਇਸ ਤੋਂ ਪਹਿਲਾਂ ਉੱਤਰੀ ਕੋਰੀਆ ਨੇ 2010 ’ਚ ‘ਯੋਂਗਬਯੋਨ ਪ੍ਰਮਾਣੂ ਕੰਪਲੈਕਸ’ ਬਾਰੇ ਜਾਣਕਾਰੀ ਦਿਤੀ ਸੀ।
ਮੰਨਿਆ ਜਾ ਰਿਹਾ ਹੈ ਕਿ ਉੱਤਰੀ ਕੋਰੀਆ ਦਾ ਇਹ ਨਵਾਂ ਪ੍ਰਗਟਾਵਾ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ’ਤੇ ਹੋਰ ਦਬਾਅ ਬਣਾਉਣ ਦੀ ਕੋਸ਼ਿਸ਼ ਹੈ। ਨਾਲ ਹੀ ਇਸ ਖੇਤਰ ’ਚ ਮੀਡੀਆ ਵਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਤੋਂ ਲੋਕ ਅੰਦਾਜ਼ਾ ਲਗਾ ਸਕਦੇ ਹਨ ਕਿ ਪ੍ਰਮਾਣੂ ਹਥਿਆਰਾਂ ਨੂੰ ਲੈ ਕੇ ਉੱਤਰੀ ਕੋਰੀਆ ਕਿਸ ਪੱਧਰ ਦੀ ਤਿਆਰੀ ਕਰ ਸਕਦਾ ਹੈ।
‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ (ਕੇ.ਸੀ.ਐਨ.ਏ.) ਦੀ ਖਬਰ ਮੁਤਾਬਕ ਪ੍ਰਮਾਣੂ ਹਥਿਆਰ ਇੰਸਟੀਚਿਊਟ ਅਤੇ ਹਥਿਆਰ ਨਿਰਮਾਣ ਪ੍ਰਮਾਣੂ ਸਮੱਗਰੀ ਉਤਪਾਦਨ ਸਹੂਲਤ ਦੇ ਦੌਰੇ ਦੌਰਾਨ ਕਿਮ ਨੇ ਪ੍ਰਮਾਣੂ ਊਰਜਾ ਦੇ ਖੇਤਰ ਵਿਚ ਦੇਸ਼ ਦੀ ਬਿਹਤਰੀਨ ਤਕਨਾਲੋਜੀ ਦੀ ਸ਼ਲਾਘਾ ਕੀਤੀ।
ਕੇ.ਸੀ.ਐਨ.ਏ. ਨੇ ਦਸਿਆ ਕਿ ਕਿਮ ਨੇ ਯੂਰੇਨੀਅਮ ਅਮੀਰ ਕਰਨ ਦੀ ਸੁਵਿਧਾ ਅਤੇ ਇਕ ਉਸਾਰੀ ਵਾਲੀ ਥਾਂ ’ਤੇ ਇਕ ਕੰਟਰੋਲ ਰੂਮ ਦਾ ਦੌਰਾ ਕੀਤਾ।
ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਵੀ ਤਸਵੀਰਾਂ ਜਾਰੀ ਕੀਤੀਆਂ ਹਨ, ਜਿਸ ’ਚ ਕਿਮ ਵਿਗਿਆਨੀਆਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਇਕ ਪਾਸੇ ਸਲੇਟੀ ਰੰਗ ਦੀਆਂ ਲੰਬੀਆਂ ਟਿਊਬਾਂ ਦੀ ਇਕ ਲੜੀ ਹੈ। ਹਾਲਾਂਕਿ, ਰੀਪੋਰਟ ਵਿਚ ਇਹ ਨਹੀਂ ਦਸਿਆ ਗਿਆ ਕਿ ਕਿਮ ਨੇ ਕਦੋਂ ਸਹੂਲਤ ਦਾ ਦੌਰਾ ਕੀਤਾ ਅਤੇ ਇਹ ਕਿੱਥੇ ਸਥਿਤ ਹੈ।