ਬੁਲੰਦਸ਼ਹਿਰ 7 ਅਗਸਤ 2024-ਬੁਲੰਦਸ਼ਹਿਰ ਦੇ ਖੁਰਜਾ ਇਲਾਕੇ ਵਿਚ ਧੜਪਾ ਸਥਿਤ ਪ੍ਰਾਇਮਰੀ ਹੈਲਥ ਸੈਂਟਰ ਦੇ ਫਰੀਜ਼ਰ ਵਿਚ ਬੀਅਰ ਦੇ ਕੈਨ ਅਤੇ ਪਾਣੀ ਦੀਆਂ ਬੋਤਲਾਂ ਦੀਆਂ ਤਸਵੀਰਾਂ ਮਿਲਣ ਤੋਂ ਬਾਅਦ ਇਕ ਕਰਮਚਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਮੁੱਖ ਮੈਡੀਕਲ ਅਫ਼ਸਰ ਡਾ: ਵਿਨੈ ਕੁਮਾਰ ਸਿੰਘ ਨੇ ਬੁੱਧਵਾਰ ਨੂੰ ਦੱਸਿਆ ਕਿ ਬੀਤੇ ਸੋਮਵਾਰ ਨੂੰ ਧੜਪਾ ਸਥਿਤ ਪ੍ਰਾਇਮਰੀ ਹੈਲਥ ਸੈਂਟਰ ਦੇ ਵੈਕਸੀਨ ਫਰੀਜ਼ਰ ‘ਚੋਂ ਬੀਅਰ ਦੇ ਕੈਨ ਅਤੇ ਪਾਣੀ ਦੀਆਂ ਬੋਤਲਾਂ ਮਿਲੀਆਂ ਹਨ |
ਉਨ੍ਹਾਂ ਦੱਸਿਆ ਕਿ ਆਮ ਤੌਰ ‘ਤੇ ਫ੍ਰੀਜ਼ਰ ‘ਚ ਟੀਕੇ ਤੋਂ ਇਲਾਵਾ ਹੋਰ ਕੁਝ ਨਹੀਂ ਰੱਖਿਆ ਜਾਂਦਾ ਅਤੇ ਅਜਿਹੀ ਸਥਿਤੀ ‘ਚ ਫਰੀਜ਼ਰ ‘ਚ ਬੀਅਰ ਦੇ ਕੈਨ ਅਤੇ ਪਾਣੀ ਦੀਆਂ ਬੋਤਲਾਂ ਦਾ ਮਿਲਣਾ ਗੰਭੀਰ ਮਾਮਲਾ ਹੈ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਜ਼ਿਲ੍ਹਾ ਟੀਕਾਕਰਨ ਅਫ਼ਸਰ ਦੀ ਰਿਪੋਰਟ ਦੇ ਆਧਾਰ ‘ਤੇ ਪ੍ਰਾਇਮਰੀ ਹੈਲਥ ਸੈਂਟਰ ਦੇ ਟੀਕਾਕਰਨ ਅਫ਼ਸਰ ਹਰੀ ਪ੍ਰਸਾਦ ਨੂੰ ਪਹਿਲੀ ਨਜ਼ਰੇ ਦੋਸ਼ੀ ਪਾਇਆ ਗਿਆ ਅਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਫ਼ਸਰ ਨੇ ਦੱਸਿਆ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫਰੀਜ਼ਰ ਵਿਚ ਬੀਅਰ ਕੈਨ ਅਤੇ ਪਾਣੀ ਦੀ ਬੋਤਲ ਕਿਸ ਨੇ ਰੱਖੀ ਸੀ।