ਬਠਿੰਡਾ, 7 ਅਗਸਤ (ਵੀਰਪਾਲ ਕੌਰ): ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਵੱਲੋਂ ਜਿੱਥੇ ਨਸ਼ਿਆਂ ਦੇ ਖਾਤਮੇ, ਜੇਰੇ ਤਫਤੀਸ਼ ਮੁਕੱਦਮਿਆਂ ਤੇ ਦਰਖਾਸਤਾਂ ਦੇ ਨਿਪਟਾਰੇ, ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਦਿਨ-ਪ੍ਰਤੀ ਦਿਨ ਲਗਾਤਾਰ ਨਵੇਂ ਕਦਮ ਚੁੱਕੇ ਜਾ ਰਹੇ ਹਨ, ਉਥੇ ਪੁਲਿਸ ਵਿਭਾਗ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿਚ ਥਾਣਿਆਂ ਵਿਚ ਖੜੇ ਵੱਖ-ਵੱਖ 102 ਫੈਸਲਾਸ਼ੁਦਾ ਮੁਕੱਦਮਿਆਂ ਦੇ 118 ਵਹੀਕਲਾਂ ਦੀ ਸਥਾਨਕ ਪੁਲਿਸ ਲਾਈਨਜ਼ ਵਿਖੇ ਖੁੱਲ੍ਹੀ ਬੋਲੀ ਕਰਵਾ ਕੇ ਨਿਲਾਮ ਕੀਤੇ ਗਏ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਅਮਨੀਤ ਕੌਂਡਲ ਨੇ ਦੱਸਿਆ ਕਿ ਥਾਣਿਆਂ ਵਿੱਚ ਵੱਖ-ਵੱਖ ਮਕੱਦਮਿਆਂ ’ਚ ਕਾਫੀ ਗਿਣਤੀ ਵਿੱਚ ਵਹੀਕਲ ਖੜੇ ਹਨ। ਇਨ੍ਹਾਂ ਵਹੀਕਲਾਂ ਨਾਲ ਸਬੰਧਿਤ ਮੁੱਕਦਮਿਆਂ ਦਾ ਫੈਸਲਾ ਹੋ ਚੁੱਕਾ ਹੈ, ਪਰ ਕਿਸੇ ਵਿਅਕਤੀ ਵੱਲੋਂ ਇਹ ਵਹੀਕਲ ਕਲੇਮ ਨਹੀਂ ਕੀਤੇ ਗਏ। ਇਨ੍ਹਾਂ ਵਹੀਕਲਾਂ ਕਰਕੇ ਥਾਣਿਆਂ ਵਿੱਚ ਕਾਫੀ ਜਗ੍ਹਾ ਘੇਰੀ ਹੋਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਵਹੀਕਲ ਡਿਸਪੋਜਲ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਕਾਨੂੰਨੀ ਪ੍ਰਕਿਰਿਆ ਅਪਣਾਉਦੇ ਹੋਏ ਜ਼ਿਲ੍ਹੇ ਦੇ ਪੁਲਿਸ ਥਾਣਾ ਦਿਆਲਪੁਰਾ, ਨਥਾਣਾ, ਨੇਹੀਆਵਾਲਾ, ਕੋਟਫੱਤਾ, ਤਲਵੰਡੀ ਸਾਬੋ, ਸਿਵਲ ਲਾਇਨ, ਨੰਦਗੜ, ਰਾਮਾਂ, ਬਾਲਿਆਂਵਾਲੀ, ਸਦਰ ਰਾਮਪੁਰਾ, ਕੋਤਵਾਲੀ ਅਤੇ ਥਰਮਲ ਵਿੱਚ ਖੜੇ ਕੁੱਲ 57 ਫੈਸਲਾਸ਼ੁਦਾ ਮੁਕਦਮੇ ਐਨ.ਡੀ.ਪੀ.ਐੱਸ ਅਤੇ ਹੋਰ ਮੁਕੱਦਮਿਆਂ ਵਿੱਚ ਬਰਾਮਦਸ਼ੁਦਾ 61 ਵਹੀਕਲਾਂ (ਬਿਨਾਂ ਕਾਗਜਾਤ ਅਤੇ ਦੁਬਾਰਾ ਨਾ ਵਰਤੋਂਯੋਗ/ਸਕਰੈਪ ਦੀ ਨਿਲਾਮੀ (ਖੁੱਲੀ ਬੋਲੀ) ਕਰਵਾਈ ਗਈ।
ਅਮਨੀਤ ਕੌਂਡਲ ਨੇ ਹੋਰ ਦੱਸਿਆ ਕਿ ਇਨ੍ਹਾਂ ਵਿਚ 86 ਦੋ-ਪਹੀਆ ਵਾਹਨ ਅਤੇ 31 ਚਾਰ-ਪਹੀਆ ਅਤੇ 01 ਟਰੱਕ ਸ਼ਾਮਲ ਹਨ। ਜਿਨ੍ਹਾਂ ਦੀ ਕਮੇਟੀ ਵੱਲੋਂ ਰਾਖਵੀਂ ਕੀਮਤ 12.73,700 ਰੁਪਏ ਨਿਰਧਾਰਿਤ ਕੀਤੀ ਗਈ ਸੀ। ਇਨ੍ਹਾਂ ਵਹੀਕਲਾਂ ਦੀ ਬੋਲੀ 13,10,000 ਰੁਪਏ ਵਿੱਚ ਨਿਲਾਮ ਕੀਤੇ ਗਏ ਹਨ। ਨਿਲਾਮੀ ਦੀ ਕੁਲ ਰਕਮ 13,10,000 ਰੁਪਏ ਸਰਕਾਰੀ ਖਜਾਨੇ ਵਿੱਚ ਜਮਾਂ ਕਰਵਾਈ ਜਾ ਰਹੀ ਹੈ।ਜਿਲ੍ਹਾ ਪੁਲਿਸ ਮੁਖੀ ਨੇ ਅੱਗੇ ਦੱਸਿਆ ਕਿ ਬਾਕੀ ਰਹਿੰਦੇ ਵਹੀਕਲਾਂ ਸੰਬੰਧੀ ਵੀ ਰਿਕਾਰਡ ਤਿਆਰ ਕਰਵਾਇਆ ਜਾ ਰਿਹਾ ਹੈ ਅਤੇ ਹੋਰ ਵਹੀਕਲ ਵੀ ਜਲਦੀ ਨਿਲਾਮ ਕੀਤੇ ਜਾਣਗੇ।