ਬੰਗਲਾਦੇਸ਼, 6 ਅਗਸਤ : ਬੰਗਲਾਦੇਸ਼ ‘ਚ ਹੜਕੰਪ ਮਚਿਆ ਹੋਇਆ ਹੈ। ਇੱਥੋਂ ਦੀ ਸਿਆਸਤ ਵਿੱਚ ਭੂਚਾਲ ਆ ਗਿਆ। ਕਈ ਮਹੀਨਿਆਂ ਤੋਂ ਪ੍ਰਦਰਸ਼ਨ ਚੱਲ ਰਹੇ ਹਨ। ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਦੂਆਂ ‘ਤੇ ਹਮਲੇ ਵਧ ਗਏ ਹਨ। ਬੰਗਲਾਦੇਸ਼ ਦਾ ਹਿੰਦੂ ਭਾਈਚਾਰਾ ਹਮਲੇ ਦੀ ਮਾਰ ਹੇਠ ਹੈ। ਹਿੰਦੂ ਮੰਦਰਾਂ ਨੂੰ ਸਾੜਿਆ ਜਾ ਰਿਹਾ ਹੈ। ਬੰਗਲਾਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਰਹਿਣ ਵਾਲੇ ਹਿੰਦੂ ਖ਼ਤਰੇ ਵਿੱਚ ਹਨ। ਹਿੰਦੂਆਂ ਵਿਰੁੱਧ ਹਿੰਸਾ ਅਤੇ ਮੰਦਰਾਂ ਨੂੰ ਸਾੜਨ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਬੰਗਲਾਦੇਸ਼ ਵਿੱਚ ਹਿੰਦੂ ਔਰਤਾਂ ਨਾਲ ਬਲਾਤਕਾਰ ਹੋ ਰਹੇ ਹਨ। ਬੱਚੇ ਮਾਰੇ ਜਾ ਰਹੇ ਹਨ।
ਹਿੰਸਕ ਪ੍ਰਦਰਸ਼ਨਾਂ ਦੌਰਾਨ ਐਤਵਾਰ ਨੂੰ ਦੋ ਹਿੰਦੂ ਨੇਤਾਵਾਂ ਦੀ ਮੌਤ ਹੋ ਗਈ ਸੀ। ਬੰਗਲਾਦੇਸ਼ ਦੇ ਮਸ਼ਹੂਰ ਕਾਲੀ ਮੰਦਿਰ ਅਤੇ ਇਸਕੋਨ ਮੰਦਿਰ ਨੂੰ ਪ੍ਰਦਰਸ਼ਨਕਾਰੀਆਂ ਨੇ ਨਿਸ਼ਾਨਾ ਬਣਾ ਕੇ ਅੱਗ ਲਗਾ ਦਿੱਤੀ। ਬੰਗਲਾਦੇਸ਼ ਦੇ ਸ਼ਹਿਰਾਂ ‘ਚ ਹਿੰਦੂਆਂ ‘ਤੇ ਪਥਰਾਅ ਕੀਤਾ ਜਾ ਰਿਹਾ ਹੈ।
ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਹੀ ਬੰਗਲਾਦੇਸ਼ ਛੱਡ ਦਿੱਤਾ ਸੀ। ਉਹ ਢਾਕਾ ਤੋਂ ਭੱਜ ਕੇ ਭਾਰਤ ਆ ਗਈ। ਸ਼ੇਖ ਹਸੀਨਾ ਸ਼ਾਮ 5.36 ਵਜੇ ਗਾਜ਼ੀਆਬਾਦ ਪਹੁੰਚੀ। ਉਨ੍ਹਾਂ ਦਾ ਜਹਾਜ਼ ਸੀ-130 ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ‘ਤੇ ਉਤਰਿਆ ਸੀ। ਬੰਗਲਾਦੇਸ਼ੀ ਪ੍ਰਧਾਨ ਮੰਤਰੀ ਦਾ ਜਹਾਜ਼ ਭਾਰਤੀ ਹਵਾਈ ਸੈਨਾ ਦੇ ਹੈਂਗਰ ਕੋਲ ਖੜ੍ਹਾ ਹੈ। ਹਵਾਈ ਸੈਨਾ ਪੂਰੀ ਮੂਵਮੈਂਟ ‘ਤੇ ਨਜ਼ਰ ਰੱਖ ਰਹੀ ਹੈ। ਸੁਰੱਖਿਆ ਬਲਾਂ ਅਤੇ ਹਵਾਈ ਸੈਨਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਉਨ੍ਹਾਂ ਦਾ ਜਹਾਜ਼ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਇਆ, ਅਸੀਂ ਉਨ੍ਹਾਂ ਦੇ ਹਿੰਡਨ ਹਵਾਈ ਅੱਡੇ ‘ਤੇ ਪਹੁੰਚਣ ਤੱਕ ਨਜ਼ਰ ਰੱਖੀ।
ਫਿਲਹਾਲ ਬੰਗਲਾਦੇਸ਼ ‘ਚ ਅੰਤਰਿਮ ਸਰਕਾਰ ਦਾ ਰਾਜ ਹੋਵੇਗਾ। ਬੰਗਲਾਦੇਸ਼ ਦੇ ਸੈਨਾ ਮੁਖੀ ਵਕਾਰ-ਉਜ਼-ਜ਼ਮਾਨ ਨੇ ਕਿਹਾ ਕਿ ਅਸੀਂ ਦੇਸ਼ ਵਿਚ ਸ਼ਾਂਤੀ ਬਹਾਲ ਕਰਾਂਗੇ ਅਤੇ ਨਾਗਰਿਕਾਂ ਨੂੰ ਹਿੰਸਾ ਬੰਦ ਕਰਨ ਦੀ ਅਪੀਲ ਕਰ ਰਹੇ ਹਾਂ। ਬੰਗਲਾਦੇਸ਼ ‘ਚ ਹਿੰਸਾ ਕਾਰਨ ਐਤਵਾਰ ਨੂੰ 300 ਲੋਕਾਂ ਦੀ ਮੌਤ ਹੋ ਗਈ। ਪ੍ਰਦਰਸ਼ਨਕਾਰੀ ਲਗਾਤਾਰ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ।
ਸ਼ੇਖ ਹਸੀਨਾ ਭਾਰਤ ‘ਚ ਹੋਣ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਉੱਚ ਪੱਧਰੀ ਮੀਟਿੰਗ ਹੋ ਰਹੀ ਹੈ। ਬੈਠਕ ‘ਚ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਐੱਨਐੱਸਏ ਅਜੀਤ ਡੋਭਾਲ ਅਤੇ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਸਮੇਤ ਹੋਰ ਸੀਨੀਅਰ ਅਧਿਕਾਰੀ ਤੇ ਆਗੂ ਮੌਜੂਦ ਹਨ। ਬੈਠਕ ‘ਚ ਬੰਗਲਾਦੇਸ਼ ਦੀ ਸਥਿਤੀ ਅਤੇ ਸ਼ੇਖ ਹਸੀਨਾ ਦੇ ਭਾਰਤ ਆਉਣ ‘ਤੇ ਚਰਚਾ ਕੀਤੀ ਜਾ ਰਹੀ ਹੈ।