ਉਤਰਾਖੰਡ 10 ਜੁਲਾਈ, 2024-ਉਤਰਾਖੰਡ ਦੇ ਚਮੋਲੀ ‘ਚ ਬੁੱਧਵਾਰ (10 ਜੁਲਾਈ) ਨੂੰ ਭਾਰੀ ਢਿੱਗਾਂ ਡਿੱਗਣ ਕਾਰਨ ਬਦਰੀਨਾਥ ਨੈਸ਼ਨਲ ਹਾਈਵੇਅ ਬੰਦ ਹੋ ਗਿਆ ਹੈ, ਜਿਸ ਨਾਲ ਵਾਹਨਾਂ ਦੀ ਆਵਾਜਾਈ ‘ਚ ਵਿਘਨ ਪਿਆ ਹੈ। ਚਮੋਲੀ ਜ਼ਿਲ੍ਹੇ ਦੇ ਪਾਤਾਲ ਗੰਗਾ ਖੇਤਰ ਵਿੱਚ ਜ਼ਮੀਨ ਖਿਸਕਣ ਦੀ ਇਹ ਵੱਡੀ ਘਟਨਾ ਵਾਪਰੀ ਹੈ।
ਜ਼ਮੀਨ ਖਿਸਕਣ ਦੀ ਭਿਆਨਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਦੇ ਹੀ ਦੇਖਦੇ ਪਹਾੜ ਦਾ ਇੱਕ ਵੱਡਾ ਹਿੱਸਾ ਟੁੱਟ ਕੇ ਜ਼ਮੀਨ ‘ਤੇ ਡਿੱਗਦਾ ਹੈ, ਜਿਸ ਨਾਲ ਬਦਰੀਨਾਥ ਨੈਸ਼ਨਲ ਹਾਈਵੇ ‘ਤੇ ਪਾਤਾਲ ਗੰਗਾ ਲੰਗਸੀ ਸੁਰੰਗ ਦੇ ਨੇੜੇ ਪਹਾੜੀ ਤੋਂ ਜ਼ਮੀਨ ਖਿਸਕਣ ਕਾਰਨ ਸੜਕ ਬੰਦ ਹੋ ਗਈ ਹੈ।
ਖ਼ਬਰਾਂ ਮੁਤਾਬਕ ਇਹ ਘਟਨਾ ਜੋਸ਼ੀਮਠ ਦੇ ਚੁੰਡੂ ਧਾਰ ‘ਚ ਵਾਪਰੀ। ਜ਼ਮੀਨ ਖਿਸਕਣ ਕਾਰਨ ਸੜਕ ਦੇ ਦੋਵੇਂ ਪਾਸੇ ਸੈਂਕੜੇ ਲੋਕ ਅਤੇ ਵਾਹਨ ਫਸ ਗਏ। ਬਦਰੀਨਾਥ ਨੈਸ਼ਨਲ ਹਾਈਵੇ ‘ਤੇ ਬੁੱਧਵਾਰ ਸਵੇਰ ਤੋਂ ਬੰਦ ਹੈ। ਵੀਰਵਾਰ ਨੂੰ ਜਦੋਂ ਅਧਿਕਾਰੀ ਮਲਬਾ ਹਟਾ ਰਹੇ ਸਨ ਤਾਂ ਇਕ ਵਾਰ ਫਿਰ ਜ਼ਮੀਨ ਖਿਸਕ ਗਈ, ਜਿਸ ਕਾਰਨ ਅਧਿਕਾਰੀਆਂ ਦਾ ਕੰਮ ਹੋਰ ਵਧ ਗਿਆ।