ਚੰਡੀਗੜ੍ਹ, 8 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂ ਕੇ ਵਿਚ ਹਾਊਸ ਆਫ ਕਾਮਨਜ਼ ਲਈ ਚੁਣੇ ਗਏ 10 ਸਿੱਖ ਮੈਂਬਰ ਪਾਰਲੀਮੈਂਟ (ਐਮ ਪੀਜ਼) ਨੂੰ ਵਧਾਈ ਦਿੱਤੀ ਅਤੇ ਅਪੀਲ ਕੀਤੀ ਕਿ ਉਹ ਸਿੱਖੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸਾਂਝੇ ਤੌਰ ’ਤੇ ਕੰਮ ਕਰਨ ਤਾਂ ਜੋ ਸਿੱਖ ਕੌਮ ਖਿਲਾਫ ਨਫਰਤੀ ਅਪਰਾਧ ਰੋਕੇ ਜਾ ਸਕਣ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ 1911 ਵਿਚ ਵਸਣ ਵਾਲੇ ਪਹਿਲੇ ਸਿੱਖਾਂ ਤੋਂ ਲੈ ਕੇ 1950ਵਿਆਂ ਵਿਚ ਵੱਡੀ ਗਿਣਤੀ ਵਿਚ ਸਿੱਖਾਂ ਦੇ ਹਿਜ਼ਰਤ ਕਰਨ ਤੱਕ ਸਿੱਖਾਂ ਨੇ ਯੂਨਾਈਟਡ ਕਿੰਗਡਮ ਲਈ ਜੀਵਨ ਦੇ ਵੱਖ-ਵੱਖ ਖੇਤਰਾਂ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ ਅਤੇ ਉਹ ਦੇਸ਼ ਦਾ ਚੌਥਾ ਸਭ ਤੋਂ ਵੱਡਾ ਧਾਰਮਿਕ ਸਮੂਹ ਹਨ। ਉਹਨਾਂ ਕਿਹਾ ਕਿ ਇਹ ਦੁਨੀਆਂ ਭਰ ਵਿਚ ਵਸਦੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ ਕਿ ਕੌਮ ਦੇ 10 ਮੈਂਬਰ ਐਮ ਪੀ ਚੁਣੇ ਗਏ ਹਨ। ਉਨਾਂ ਕਿਹਾ ਕਿ ਮੈਂ ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੌਰ ਗਿੱਲ, ਕਿਰਥ ਐਂਟਵਿਸਲ, ਗੁਰਿੰਦਰ ਸਿੰਘ ਜੋਸਨ, ਜਸ ਅਟਵਾਲ, ਡਾ. ਜੀਵੁਨ ਸੰਧੇਰ, ਵਰਿੰਦਰ ਜੱਸ, ਸਤਵੀਰ ਕੌਰ, ਹਰਪ੍ਰੀਤ ਕੌਰ ਉਪੱਲ ਅਤੇ ਸੋਨੀਆ ਕੌਮ ਕੁਮਾਰ ਨੂੰ ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਸ਼ਾਨਦਾਰ ਜਿੱਤਾਂ ਦਰਜ ਕਰਨ ਲਈ ਵਧਾਈ ਦਿੰਦੇ ਹਨ।
ਬਾਦਲ ਨੇ ਕਿਹਾ ਕਿ ਇਸ ਫਤਵੇ ਨੇ ਸਿੱਖ ਐਮ ਪੀਜ਼ ਨੂੰ ਕੌਮ ਬਾਰੇ ਜਾਗਰੂਕਤਾ ਫੈਲਾਉਣ ਅਤੇ ਕੌਮ ਦੇ ਮੈਂਬਰਾਂ ਖਿਲਾਫ ਨਫਰਤੀ ਅਪਰਾਧ ਪੱਕੇ ਤੌਰ ’ਤੇ ਬੰਦ ਕਰਨ ਦਾ ਮੌਕਾ ਦਿੱਤਾ ਹੈ। ਉਹਨਾਂ ਕਿਹਾ ਕਿ ਯੂ ਕੇ ਵਿਚ ਨੈਸ਼ਨਲ ਸਿੱਖ ਅਵੇਅਰਨੈਸ ਐਂਡ ਹੈਰੀਟੇਜ ਮੰਥ, ਮਨਾਉਣ ਸਮੇਤ ਅਨੇਕਾਂ ਕਦਮ ਚੁੱਕੇ ਗਏ ਹਨ ਤਾਂ ਜੋ ਦੁਨੀਆਂ ਭਰ ਦੇ ਲੋਕਾਂ ਨੂੰ ਸਿੱਖ ਕੌਮ ਤੇ ਦਸਤਾਰ ਸਮੇਤ ਸਿੱਖ ਕੱਕਾਰਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਹੁਣ ਇਹ ਕੰਮ ਜਨਤਕ ਸੰਵਾਦ ਨਾਲ ਅਤੇ ਸਿੱਖ ਕੌਮ ਤੇ ਇਸਦੇ ਸਿਧਾਂਤਾਂ ਪ੍ਰਤੀ ਜਾਗਰੂਕਤਾ ਫੈਲਾ ਕੇ ਵੀ ਕੀਤਾ ਜਾ ਸਕਦਾ ਹੈ।