ਜੈਪੁਰ,11 ਜੂਨ, 2024-ਰਾਜਸਥਾਨ ਦੇ ਜੈਪੁਰ ‘ਚ ਧੋਖਾਧੜੀ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਗਹਿਣਿਆਂ ਦੇ ਸ਼ੌਕੀਨ ਲੋਕ ਦੰਗ ਰਹਿ ਜਾਣਗੇ। ਇੱਥੇ ਇੱਕ ਅਮਰੀਕੀ ਔਰਤ ਨੂੰ ਇੱਕ ਦੁਕਾਨਦਾਰ ਨੇ ਨਕਲੀ ਗਹਿਣੇ ਵੇਚ ਕੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ।
ਅਮਰੀਕਾ ਦੇ ਰਹਿਣ ਵਾਲੇ ਚੈਰੀਸ਼ ਨੇ ਜੈਪੁਰ ਦੇ ਇਕ ਦੁਕਾਨਦਾਰ ਖਿਲਾਫ ਮਾਣਕ ਚੌਕ ਥਾਣੇ ‘ਚ ਮਾਮਲਾ ਦਰਜ ਕਰਵਾਇਆ ਹੈ। ਸ਼ਿਕਾਇਤ ਵਿੱਚ ਰਾਮਾ ਰੋਡੀਅਮ ਜਵੈਲਰਜ਼ ਦੇ ਰਾਜਿੰਦਰ ਸੋਨੀ ਅਤੇ ਉਸ ਦੇ ਪੁੱਤਰ ਗੌਰਵ ਦਾ ਨਾਮ ਹੈ। ਔਰਤ ਦਾ ਦੋਸ਼ ਹੈ ਕਿ ਉਸ ਨੂੰ 300 ਰੁਪਏ ਦੇ ਨਕਲੀ ਪੱਥਰ 6 ਕਰੋੜ ਰੁਪਏ ਦੇ ਹੀਰੇ ਵਜੋਂ ਵੇਚੇ ਗਏ ਸਨ। ਨਾਲ ਹੀ ਗਹਿਣਿਆਂ ਦੇ ਜਾਅਲੀ ਸਰਟੀਫਿਕੇਟ ਵੀ ਸੌਂਪੇ ਗਏ। ਪਰ ਜਦੋਂ ਔਰਤ ਨੇ ਕਿਸੇ ਹੋਰ ਥਾਂ ‘ਤੇ ਗਹਿਣਿਆਂ ਦੀ ਜਾਂਚ ਕੀਤੀ ਤਾਂ ਉਹ ਨਕਲੀ ਨਿਕਲੇ।
ਅਮਰੀਕਾ ਦੀ ਰਹਿਣ ਵਾਲੀ ਚੈਰੀਸ਼ ਨੂੰ ਜਦੋਂ ਪਤਾ ਲੱਗਾ ਕਿ ਉਸ ਦੇ ਗਹਿਣੇ ਨਕਲੀ ਹਨ ਤਾਂ ਉਹ ਸ਼ਿਕਾਇਤ ਕਰਨ ਦੁਕਾਨ ‘ਤੇ ਗਈ। ਪਰ ਉਥੇ ਦੋਸ਼ੀ ਦੁਕਾਨਦਾਰ ਨੇ ਲੜਾਈ ਸ਼ੁਰੂ ਕਰ ਦਿੱਤੀ। ਝਗੜੇ ਤੋਂ ਬਾਅਦ ਗੌਰਵ ਨੇ ਵਿਦੇਸ਼ੀ ਔਰਤ ‘ਤੇ ਮਾਮਲਾ ਵੀ ਦਰਜ ਕਰਵਾਇਆ ਸੀ। ਚੈਰੀਸ਼ ਨੇ ਆਪਣੇ ਨਾਲ ਹੋਈ ਇਸ ਧੋਖਾਧੜੀ ਬਾਰੇ ਅਮਰੀਕੀ ਦੂਤਘਰ ਨੂੰ ਵੀ ਸੂਚਿਤ ਕੀਤਾ ਹੈ।
ਅੰਬੈਸੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ। ਜਦੋਂ ਵਧੀਕ ਡੀਸੀਪੀ ਬਜਰੰਗ ਸਿੰਘ ਸ਼ੇਖਾਵਤ ਨੇ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੁਕਾਨਦਾਰ ਨੇ ਚੈਰੀਸ਼ ਨੂੰ ਨਕਲੀ ਗਹਿਣੇ ਵੇਚੇ ਸਨ। ਇਨ੍ਹਾਂ ਗਹਿਣਿਆਂ ‘ਚ ਸਿਰਫ 2 ਕੈਰੇਟ ਸੋਨਾ ਮਿਲਿਆ ਹੈ। ਨਾਲ ਹੀ ਇਸ ਨਕਲੀ ਗਹਿਣਿਆਂ ਦਾ ਜਾਅਲੀ ਸਰਟੀਫਿਕੇਟ ਵੀ ਦਿੱਤਾ ਗਿਆ। ਪੁਲਸ ਦੀ ਜਾਂਚ ‘ਚ ਪਿਓ-ਪੁੱਤ ਦਾ ਪਰਦਾਫਾਸ਼ ਹੋਣ ‘ਤੇ ਦੋਵੇਂ ਫਰਾਰ ਹੋ ਗਏ। ਪੁਲੀਸ ਨੇ ਇਸ ਮਾਮਲੇ ਵਿੱਚ ਨੰਦਕਿਸ਼ੋਰ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ ਜਾਅਲੀ ਗਹਿਣਿਆਂ ਦੇ ਜਾਅਲੀ ਸਰਟੀਫਿਕੇਟ ਜਾਰੀ ਕਰਨ ਦਾ ਦੋਸ਼ ਹੈ। ਮੁੱਖ ਦੋਸ਼ੀ ਗੌਰਵ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ।