ਪਟਿਆਲਾ, 23 ਮਈ 2024 : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਸਤਾਰ ਸਜਾ ਕੇ ਪਟਿਆਲਾ ਰੈਲੀ ‘ਚ ਪਹੁੰਚੇ ਹਨ। ਪੀਐਮ ਨਰਿੰਦਰ ਮੋਦੀ ਨੇ ਕਿਹਾ ,ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸਥਾਨ ਅਤੇ ਕਾਲੀ ਮਾਤਾ ਜੀ ਦੇ ਪਵਿੱਤਰ ਸਥਾਨ ਪਟਿਆਲਾ ਤੋਂ ਆਪਣੇ ਪੰਜਾਬ ਦੌਰੇ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਹੈ।
ਪੀਐਮ ਨੇ ਕਿਹਾ ਕਿ ਬਾਰਾਦਰੀ ਗਾਰਡਨ ਵਿੱਚ ਸਵੇਰੇ ਤਹਿਲਣਾ , ਜੋੜੀਆ ਭਾਟੀਆ ਚੌਕ ਵਿੱਚ ਸਾਥੀਆਂ ਨਾਲ ਗੱਲਾਂ -ਬਾਤਾਂ ਕਰਨੀਆਂ, ਸਾਰੀਆਂ ਪੁਰਾਣੀਆਂ ਯਾਦਾਂ ਮੈਨੂੰ ਯਾਦ ਆ ਰਹੀਆਂ ਹਨ। ਮੈਨੂੰ ਕਈ ਪੁਰਾਣੇ ਸਾਥੀਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਮੈਂ ਪੰਜਾਬ ਆਉਂਦਾ ਹਾਂ ਤਾਂ ਮੇਰਾ ਪੰਜਾਬ ਪ੍ਰਤੀ ਪਿਆਰ ਹੋਰ ਵੱਧ ਜਾਂਦਾ ਹੈ।
ਦੇਸ਼ ਵਿੱਚ ਪੰਜ ਪੜਾਵਾਂ ਦੀਆਂ ਚੋਣਾਂ ਹੋ ਚੁੱਕੀਆਂ ਹਨ ਅਤੇ ਜਨਤਾ ਨੇ ਮੋਹਰ ਲਗਾ ਦਿੱਤੀ ਹੈ ,ਫ਼ਿਰ ਇੱਕ ਵਾਰ ਫਿਰ ਮੋਦੀ ਸਰਕਾਰ। ਪੰਜਾਬੀ ਜਾਣਦੇ ਹਨ ਕਿ ਉਨ੍ਹਾਂ ਨੇ ਆਪਣਾ ਵੋਟ ਖ਼ਰਾਬ ਨਹੀਂ ਕਰਨਾ ਹੈ। ਵੋਟ ਉਸਨੂੰ ਦਿਓ , ਜੋ ਸਰਕਾਰ ਬਣਾਏ। ਵੋਟ ਉਸ ਨੂੰ ਦਿਓ ,ਜੋ ਵਿਕਸਤ ਪੰਜਾਬ ਬਣਾਉਣ ਦਾ ਸੰਕਲਪ ਲੈ ਕੇ ਚੱਲਿਆ ਹੋਵੇ। ਇਸ ਦੇ ਲਈ ਜ਼ਰੂਰੀ ਹੈ ਇੱਕ ਵਾਰ ਫਿਰ ਮੋਦੀ ਸਰਕਾਰ।
ਉਨ੍ਹਾਂ ਕਿਹਾ ਕਿ 2024 ਦੀ ਇਹ ਚੋਣ ਦੇਸ਼ ਦੀ ਚੋਣ ਹੈ। ਦੇਸ਼ ਦੇ ਸਾਹਮਣੇ ਇੱਕ ਪਾਸੇ ਭਾਜਪਾ ਅਤੇ ਐਨਡੀਏ ਹੈ ਅਤੇ ਦੂਜੇ ਪਾਸੇ ਭ੍ਰਿਸ਼ਟਾਚਾਰੀਆਂ ਦਾ ਇੰਡੀ ਗਠਜੋੜ ਹੈ। ਇਹ ਗਠਜੋੜ, ਜਿਸਦੇ ਕੋਲ ਨਾ ਤਾਂ ਕੋਈ ਨੇਤਾ ਹੈ ਅਤੇ ਨਾ ਹੀ ਕੋਈ ਸੋਚ ਹੈ। ਇੱਕ ਪਾਸੇ ਮੋਦੀ ਸਰਕਾਰ ਹੈ ਜੋ ਏਅਰਕ੍ਰਾਫਟ ਬਣਾ ਰਹੀ ਹੈ। ਦੂਜੇ ਪਾਸੇ ਇੰਡੀ ਗੱਠਜੋੜ ਹੈ ,ਜੋ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੀ ਗੱਲ ਕਰਦਾ ਹੈ। ਅੱਜ ਬੁੱਧ ਪੂਰਨਿਮਾ ਹੈ। ਅੱਜ ਦੇ ਦਿਨ ਹੀ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਸੀ।
ਇੱਕ ਪਾਸੇ ਅੱਤਵਾਦੀਆਂ ਨੂੰ ਘਰ ਵਿੱਚ ਵੜ ਕੇ ਮਾਰਨ ਦੀ ਹਿੰਮਤ, ਦੂਜੇ ਪਾਸੇ ਇੰਡੀ ਗੱਠਜੋੜ ਵਾਲੇ ਹਨ , ਜੋ ਅੱਤਵਾਦੀਆਂ ਦੇ ਮੁਕਾਬਲੇ ‘ਤੇ ਹੰਝੂ ਵਹਾਉਦੇ ਹਨ। ਇੱਕ ਪਾਸੇ ਮੋਦੀ ਸਰਕਾਰ ਹੈ, ਜਿਸ ਨੇ 10 ਸਾਲਾਂ ਵਿੱਚ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਹੈ। ਦੂਜੇ ਪਾਸੇ ਇੰਡੀ ਗੱਠਜੋੜ ਹੈ, ਜੋ ਤੁਹਾਡੀ ਆਮਦਨ ਅਤੇ ਖੇਤ ਸੰਪਤੀ ਦਾ ਅੱਧਾ ਹਿੱਸਾ ਖੋਹ ਲਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀਆਂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ,ਇਹ ਉਹ ਕਾਂਗਰਸੀ ਲੋਕ ਹਨ, ਜਿਨ੍ਹਾਂ ਨੇ ਸੱਤਾ ਲਈ ਭਾਰਤ ਦਾ ਬਟਵਾਰਾ ਕੀਤਾ। ਆਜ਼ਾਦੀ ਤੋਂ ਬਾਅਦ ਵੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਉਹ ਦੂਰਬੀਨ ਰਾਹੀਂ ਕਰਦੇ ਸਨ। 1971 ਦੀ ਜੰਗ ਵਿੱਚ ਸਾਡੇ ਹੱਥ ਵਿੱਚ 90 ਹਜ਼ਾਰ ਸੈਨਿਕ ਸਨ। ਹੁਕਮ ਦਾ ਪੱਤਾ ਸਾਡੇ ਹੱਥ ਵਿੱਚ ਸੀ। ਸਾਥੀਓ, ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ, ”ਭਾਰਤ ਪਾਕਿਸਤਾਨ ਦੀ ਜੰਗ ਦੌਰਾਨ ਮੋਦੀ ਹੁੰਦਾ ਤਾਂ ਮੈਂ ਪਾਕਿਸਤਾਨ ਤੋਂ ਕਰਤਾਰਪੁਰ ਸਾਹਿਬ ਲੈ ਕੇ ਰਹਿੰਦਾ, ਤਦ ਜਾ ਕੇ ਪਾਕਿਸਤਾਨ ਦੇ ਜਵਾਨਾਂ ਨੂੰ ਛੱਡਦਾ। ਉਹ ਤਾਂ ਨਹੀਂ ਕਰ ਸਕੇ ਪਰ ਮੇਰੇ ਤੋਂ ਜਿਨ੍ਹੀ ਸੇਵਾ ਹੋ ਸਕੀ, ਅੱਜ ਕਰਤਾਰਪੁਰ ਕੋਰੀਡਰ ਤੁਹਾਡੇ ਸਾਹਮਣੇ ਹੈ।
ਪੀਐਮ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਦੂਜੇ ਦਿਨ ਹੀ ਅਯੁੱਧਿਆ ਵਿੱਚ ਰਾਮ ਮੰਦਰ ਬਣ ਜਾਣਾ ਚਾਹੀਦਾ ਸੀ ਪਰ ਕਾਂਗਰਸ ਨੇ ਮੰਦਰ ਦਾ ਨਿਰਮਾਣ ਰੋਕ ਦਿੱਤਾ। ਹੁਣ ਜਦੋਂ ਮੰਦਰ ਬਣ ਗਿਆ ਹੈ ਤਾਂ ਉਹ ਮੰਦਰ ਨੂੰ ਗਾਲ੍ਹਾਂ ਕੱਢ ਰਹੇ ਹਨ। ਅੱਜ ਦੁਨੀਆ ਭਰ ਦੇ ਸ਼ਰਧਾਲੂ ਅਯੁੱਧਿਆ ਆ ਰਹੇ ਹਨ। ਇਹ ਇੰਡੀ ਲੋਕ ਸੱਤਾ ਲਈ ਕਿਸੇ ਨੂੰ ਵੀ ਧੋਖਾ ਦੇ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਥੇ ਪੰਜਾਬ ਵਿੱਚ ਦਿਖਾਵੇ ਲਈ ਦਿੱਲੀ ਦੀ ਕੱਟੜ ਭ੍ਰਿਸ਼ਟਾਚਾਰੀ ਪਾਰਟੀ ਅਤੇ ਸਿੱਖ ਹਮਲੇ ਦੀ ਦੋਸ਼ੀ ਪਾਰਟੀ ਆਹਮੋ-ਸਾਹਮਣੇ ਚੋਣ ਲੜਨ ਦਾ ਨਾਟਕ ਕਰ ਰਹੀਆਂ ਹਨ ਪਰ ਸੱਚਾਈ ਇਹ ਹੈ ਕਿ ਪਾਰਟੀਆਂ ਦੋ ਹਨ ਪਰ ਦੁਕਾਨ ਇੱਕ ਹੀ ਹੈ। ਇੱਥੇ ਲੋਕ ਭਾਵੇਂ ਕੋਈ ਵੀ ਬਿਆਨ ਦੇਣ ਪਰ ਦਿੱਲੀ ਵਿੱਚ ਇੱਕ ਦੂਜੇ ਨੂੰ ਮੋਢਿਆਂ ਉੱਤੇ ਚੁੱਕ ਕੇ ਨੱਚ ਰਹੇ ਹਨ।