ਮੌੜ, 23 ਮਈ (ਵੀਰਪਾਲ ਕੌਰ): ਹਰਸਿਮਰਤ ਕੌਰ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਸਮੇਂ ਦੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਸਰਕਾਰਾਂ ਵੱਲੋਂ ਬੰਦ ਕੀਤੀਆਂ ਸਮਾਜ ਭਲਾਈ ਸਕੀਮਾਂ ਮੁੜ ਸ਼ੁਰੂ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕੀਤੀ ਜਾਵੇ। ਉਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਨੂੰ ਪਹਿਲ ਦਿੱਤੀ ਜਦੋਂ ਕਿ ਕੌਮੀ ਪਾਰਟੀਆਂ ਨੇ ਤਾਂ ਆਪਣੇ ਚੋਣ ਮਨੋਰਥ ਪੱਤਰਾਂ ਵਿਚ ਵੀ ਪੰਜਾਬ ਦਾ ਜ਼ਿਕਰ ਤੱਕ ਨਹੀਂ ਕੀਤਾ,ਇਸ ਲਈ ਅਕਾਲੀ ਦਲ ਦੀ ਹਮਾਇਤ ਕੀਤੀ ਜਾਵੇ।
ਬੀਬੀ ਬਾਦਲ, ਨੇ ਇਸ ਵਿਧਾਨ ਸਭਾ ਹਲਕੇ ਦੇ ਪਿੰਡਾਂ ‘ਚ ਚੋਣ ਮੀਟਿੰਗਾ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਆਪ ਸਰਕਾਰ ਨੇ ਕਿਸਾਨਾਂ ਤੇ ਗਰੀਬਾਂ ਨੂੰ ਉਨਾਂ ਦੇ ਹਾਲ ’ਤੇ ਛੱਡ ਦਿੱਤਾ ਹੈ। ਉਨਾਂ ਕਿਹਾ ਕਿ ਭਾਵੇਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਇਸ ਇਲਾਕੇ ਦੇ ਹਨ, ਪਰ ਉਨਾਂ ਨੇ ਕਿਸਾਨਾਂ ਨੂੰ ਗੜ੍ਹੇਮਾਰੀ ਕਾਰਨ ਹੋਏ ਫਸਲੀ ਨੁਕਸਾਨ ਜਾਂ ਬਿਮਾਰੀ ਫੈਲਣ ਕਾਰਨ ਹਜ਼ਾਰਾਂ ਪਸ਼ੂਆਂ ਦੀ ਹੋਈ ਮੌਤ ਦਾ ਮੁਆਵਜ਼ਾ ਦੇਣ ਦੀ ਗੱਲ ਕਦੇ ਨਹੀਂ ਚੁੱਕੀ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਹਾਲੇ ਤੱਕ ਚਿੱਟੀ ਮੱਖੀ ਕਾਰਣ ਨਰਮੇ ਦੀ ਹੋਈ ਫਸਲ ਦੇ ਨੁਕਸਾਨ ਲਈ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ।
ਬੀਬ ਬਾਦਲ ਨੇ ਆਪ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਨਸ਼ਾ ਤਸਕਰੀ ਨੂੰ ਉਤਸ਼ਾਹਿਤ ਕਰ ਰਹੀ ਹੈ ਤੇ ਇਸਦੇ ਵਿਧਾਇਕ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ ਤੇ ਪੁਲਿਸ ਨੂੰ ਉਨਾਂ ਖਿਲਾਫ ਕਾਰਵਾਈ ਕਰਨ ਤੋਂ ਰੋਕ ਰਹੇ ਹਨ। ਉਨਾਂ ਕਿਹਾ ਕਿ ਨਸ਼ਾ ਤਸਕਰੀ ਵਿਚ ਇਸ ਕਰ ਕੇ ਵੀ ਵਾਧਾ ਹੋ ਰਿਹਾ ਹੈ ਕਿਉਂਕਿ ਵਿਧਾਇਕ ਉਹਨਾਂ ਤੋਂ ਮਹੀਨੇ ਲੈ ਰਹੇ ਹਨ।
ਬੀਬੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਤੇ ਆਪ ਇਕ ਵਾਰ ਫਿਰ ਤੋਂ ਝੂਠੇ ਵਾਅਦਿਆਂ ਨਾਲ ਪੰਜਾਬੀਆਂ ਨੂੰ ਮੂਰਖ ਬਣਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਦੋਵੇਂ ਪਾਰਟੀਆਂ ਨੇ ਲੋਕਾਂ ਨਾਲ ਪਹਿਲਾਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਹਨਾਂ ਕਿਹਾ ਕਿ ਕਾਂਗਰਸ ਨੇ ਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ ਤੇ 25-25 ਸੌ ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਆਪ ਨੇ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਪਰ ਦੋ ਸਾਲਾਂ ਵਿਚ ਇਕ ਦੁੱਕੀ ਵੀ ਨਹੀਂ ਦਿੱਤੀ।
ਬੀਬੀ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੀਆਂ ਸਮਾਜ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹਨ ਜਾਂ ਜਿਹਨਾਂ ਵਿਚ ਕਟੌਤੀ ਕੀਤੀ ਗਈ ਹੈ, ਉਹਨਾਂ ਨੂੰ ਮੁੜ ਸ਼ੁਰੂ ਕਰਨ ਵਾਸਤੇ ਅਕਾਲੀ ਦਲ ਨੂੰ ਵੋਟ ਪਾਈਆਂ ਜਾਣ। ਇਸ ਮੌਕੇ ਸੀਨੀਅਰ ਆਗੂ ਜਨਮੇਜਾ ਸਿੰਘ ਸੇਖੋਂ ਵੀ ਉਨ੍ਹਾਂ ਦੇ ਨਾਲ ਚੋਣ ਪ੍ਰਚਾਰ ਦੌਰਾਨ ਮੌਜੂਦ ਸਨ।