ਬਠਿੰਡਾ, 15 ਮਈ: ਹਰਸਿਮਰਤ ਕੌਰ ਬਾਦਲ ਮੌੜ ਵਿਧਾਨ ਸਭਾ ਹਲਕੇ ਦੇ ਦੌਰੇ ’ਤੇ ਸਨ, ਨੇ ਅੱਜ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਫਸਲਾਂ ਦੇ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਇਨਕਾਰ ਕਰਨ ਅਤੇ ਸਾਰੀਆਂ ਫਸਲਾਂ ’ਤੇ ਐਮ ਐਸ ਪੀ ਦੇਣ ਦੇ ਵਾਅਦੇ ਤੋਂ ਭੱਜਣ ਮਗਰੋਂ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਕਿਸਾਨਾਂ ਤੋਂ 326 ਕਰੋੜ ਰੁਪਏ ’ਮਾਮਲਾ’ ਯਾਨੀ ਵਾਟਰ ਸੈਸ ਵਸੂਲਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਜਲ ਸਰੋਤ ਵਿਭਾਗ ਦੇ ਚੀਫ ਇੰਜੀਨੀਅਰ ਵੱਲੋਂ ਅਧਿਕਾਰੀਆਂ ਨੂੰ ਜਾਰੀ ਕੀਤਾ ਪੱਤਰ ਵਿਖਾਇਆ, ਜਿਸ ਵਿਚ ਕਿਸਾਨਾਂ ਤੋਂ 326 ਕਰੋੜ ਰੁਪਏ ’ਮਾਮਲਾ’ ਵਸੂਲਣ ਦੇ ਹੁਕਮ ਜਾਰੀ ਕੀਤੇ ਗਏ ਸਨ।
ਇਸਨੂੰ ਇਕ ਧੱਕੇਸ਼ਾਹੀ ਵਾਲੀ ਕਾਰਵਾਈ ਕਰਾਰ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਪਿਛਲੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਨੇ ਨਹਿਰੀ ਸਿੰਜਾਈ ਦਾ ’ਮਾਮਲਾ’ ਖਤਮ ਕੀਤਾ ਸੀ ਤੇ ਹੁਣ ਨਾ ਸਿਰਫ ਇਸਨੂੰ ਲਾਗੂ ਕੀਤਾ ਜਾ ਰਿਹਾ ਹੈ ਬਲਕਿ ਧੱਕੇ ਨਾਲ ਵਸੂਲੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿ ਕਿਸਾਨ ਨਹਿਰੀ ਸਿੰਜਾਈ ਲਈ ਵਾਟਰ ਸੈਸ ਦੇਣ ਦੇ ਸਮਰਥ ਨਹੀਂ ਹਨ। ਸੂਬੇ ਵਿਚ ਕਿਸਾਨਾਂ ਖਾਸ ਤੌਰ ’ਤੇ ਮਾਲਵਾ ਪੱਟੀ ਦੇ ਕਿਸਾਨ ਪਹਿਲਾਂ ਹੀ ਨਰਮੇ ਦੇ ਚਿੱਟੀ ਮੱਖੀ ਨਾਲ ਹਮਲੇ ਅਤੇ ਗੜ੍ਹੇਮਾਰੀ ਕਾਰਣ ਹੋਏ ਨੁਕਸਾਨ ਦਾ ਆਪ ਸਰਕਾਰ ਵੱਲੋਂ ਮੁਆਵਜ਼ਾ ਦੇਣ ਤੋਂ ਇਨਕਾਰ ਕਰਨ ਕਾਰਨ ਆਰਥਿਕ ਤੌਰ ’ਤੇ ਟੁੱਟੇ ਹੋਏ ਹਨ। ਉਨਾਂ ਕਿਹਾ ਕਿ ਕਿਸਾਨਾਂ ਨੂੰ ਵਾਅਦਾ ਕੀਤਾ ਗਿਆ ਸੀ ਕਿ ਦਾਲਾਂ ਤੇ ਮੱਕੀ ਸਮੇਤ ਉਹਨਾਂ ਦੀਆਂ ਸਾਰੀਆਂ ਫਸਲਾਂ ਐਮ ਐਸ ਪੀ ’ਤੇ ਖਰੀਦੀਆਂ ਜਾਣਗੀਆਂ ਪਰ ਅਜਿਹਾ ਨਾ ਹੋਣ ਕਾਰਨ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ।ਬੀਬੀ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ ਚੋਣਾਂ ਵਿਚ ਕਿਸਾਨ ਵਿਰੋਧੀ ਆਪ ਪਾਰਟੀ ਦੇ ਖਿਲਾਫ ਵੋਟਾਂ ਪਾਉਣ। ਉਹਨਾਂ ਕਿਹਾ ਕਿ ਅਕਾਲੀ ਦਲ ਯਕੀਨੀ ਬਣਾਏਗਾ ਕਿ ਇਸ ਕਿਸਾਨ ਵਿਰੋਧੀ ਫੈਸਲੇ ਨੂੰ ਲਾਗੂ ਨਾ ਕੀਤਾ ਜਾ ਸਕੇ।
ਇਸ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿਚ ਆਪ ਤੇ ਕਾਂਗਰਸ ਦੇ ਆਗੂ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਸ਼ਾਮਲ ਹੋਣ ਵਾਲਿਆਂ ਵਿਚ ਆਪ ਦੇ ਜੁਆਇੰਟ ਸਕੱਤਰ ਪਰਮਿੰਦਰ ਕੌਰ, ਕਾਂਗਰਸ ਦੇ ਮੀਤ ਪ੍ਰਧਾਨ ਸ਼ੀਲਾ ਦੇਵੀ, ਐਮ ਸੀ ਅਸ਼ਵਨੀ ਬੰਟੀ, ਰਚਨਾ ਓਬਰਾਏ ਸਾਬਕਾ ਕੌਂਸਲਰ ਤੇ ਜੋਧਪੁਰ ਪਾਖਰ ਮੈਂਬਰ ਪੰਚਾਇਤ ਜਗਜੀਤ ਸਿੰਘ ਸ਼ਾਮਲ ਹਨ। ਇਸ ਮੌਕੇ ਸੀਨੀਅਰ ਆਗੂ ਜਨਮੇਜਾ ਸਿੰਘ ਸੇਖੋਂ ਵੀ ਬਠਿੰਡਾ ਐਮ ਪੀ ਦੇ ਚੋਣ ਦੌਰੇ ਵੇਲੇ ਉਹਨਾਂ ਦੇ ਨਾਲ ਸਨ।