ਮਾਲੇਰਕੋਟਲਾ 15 ਮਈ :- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ(ਮੁੰਡੇ) ਦੇ ਵਿਦਿਆਰਥੀਆਂ ਨੇ ਉਪ ਮੰਡਲ ਮੈਜਿਸਟੇਰਟ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 12 ਸੰਗਰੂਰ (ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ) ਸ੍ਰੀਮਤੀ ਅਪਰਨਾ ਐਮ.ਬੀ ਦੇ ਦਿਸ਼ਾ-ਨਿਰਦੇਸ਼ ਤਹਿਤ ਸਥਾਨਕ ਬੱਸ ਸਟੈਂਡ ਅਤੇ ਦਿੱਲੀ ਗੇਟ ਵਿਖੇ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੰਦਾ ਨੁੱਕੜ ਨਾਟਕ ਖੇਡਿਆਂ । ਸਥਾਨਕ ਬਜਾਰਾਂ ਵਿੱਚੋਂ ਚੋਣਾਂ ਦੌਰਾਨ ਅਮਨ ਸ਼ਾਂਤੀ ਬਣਾਈ ਰੱਖਣ ਅਤੇ ਚੋਣਾਂ ਦੇ ਪਰਵ ਵਾਲੇ ਦਿਨ (01 ਜੂਨ) ਨੂੰ ਭਾਗੀਦਾਰੀ ਨੂੰ ਯਕੀਨੀ ਬਣਾਉਣ ਦਾ ਸੁਨੇਹਾ ਦਿੰਦੀ ਰੈਲੀ ਵੀ ਕੱਢੀ ਗਈ ਅਤੇ ਇਸ ਦੌਰਾਨ ਵੋਟਰ ਜਾਗਰੂਕਤਾ ਸਬੰਧੀ ਪਰਚੇ ਵੀ ਤਕਸੀਮ ਕੀਤੇ ਗਏ ਤਾਂ ਜੋ ਲੋਕਾਂ ਨੂੰ ਆਪਣੇ ਸਵਿੰਧਾਨਕ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਜਾ ਸਕੇ ।
ਸਕੂਲ ਦੀ ਪ੍ਰਿੰਸੀਪਲ ਆਰਤੀ ਗੁਪਤਾ ਦੀ ਅਗਵਾਈ ਅਤੇ ਅਧਿਆਪਕ ਹਰਮਨਵੀਰ ਕੌਰ ਤੇ ਮੋਨਿਕਾ ਬਾਂਸਲ ਦੀ ਨਿਗਰਾਨੀ ਹੇਠ ਸਕੂਲ ਦੇ ਵਿਦਿਆਰਥੀਆਂ ਵੱਲੋਂ ਲੋਕ ਸਭਾ ਚੋਣਾਂ 2024 ਵਿੱਚ ਵੋਟਰਾਂ ਦੀ 100 ਫ਼ੀਸਦੀ ਸ਼ਮੂਲੀਅਤ ਨੂੰ ਯਕੀਨੀ ‘ਵੋਟ ਦਾ ਸਹੀ ਇਸਤੇਮਾਲ ਅਤੇ ਯੋਗ ਉਮੀਦਵਾਰ ਦੀ ਚੋਣ’ ਦੇ ਸਿਰਲੇਖ ਅਧੀਨ ਇਹ ਨੁੱਕੜ ਨਾਟਕ ਤਿਆਰ ਕੀਤਾ ਗਿਆ ਹੈ ।
ਸਵੀਪ ਨੋਡਲ ਅਫਸਰ (ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ) ਕਮ ਏ.ਡੀ.ਓ ਡਾ ਕੁਲਵੀਰ ਸਿੰਘ ਨੇ ਮੁੱਖ ਚੋਣ ਅਫ਼ਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਦੇ ਸੁਨੇਹੇ “ਇਸ ਵਾਰ, 70 ਪਾਰ” ਬਾਰੇ ਦੱਸਿਆ ਅਤੇ ਉਕਤ ਪਬਲਿਕ ਸਥਾਨਾਂ ਤੇ ਲੋਕਾਂ ਨੂੰ ਆਪਣੀ ਵੋਟ, ਆਪਣੇ ਪਰਿਵਾਰ ਦੇ ਵੋਟ ਅਤੇ ਗਲੀ ਮੁਹੱਲੇ ਵਿੱਚ ਹਰ ਇੱਕ ਪਰਿਵਾਰ ਨੂੰ ਵੋਟਾਂ ਵਾਲੇ ਦਿਨ ਆਪ ਦੀ ਵੋਟ ਭੁਗਤਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ। ਉਨ੍ਹਾਂ ਹੋਰ ਦੱਸਿਆ ਕਿ ਸਕੂਲੀ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਨੁੱਕੜ ਨਾਟਕ ਲਗਾਤਾਰ ਵੋਟ ਦੀ ਟਰਨ ਆਊਟ ਰੀਚ ਨੂੰ ਵਧਾਉਣ ਲਈ ਖੇਡੇ ਜਾਣਗੇ ਤਾਂ ਜੋ ਬਿਨਾ ਕਿਸੇ ਡਰ, ਭੈਅ, ਲਾਲਚ ਦੇ ਵੋਟ ਪਾਉਣ ਪ੍ਰਤੀ ਆਵਾਜ਼ ਨੂੰ ਬੁਲੰਦ ਕੀਤਾ ਜਾ ਸਕੇ। ਇਸ ਮੌਕੇ ਗੁਰਵਿੰਦਰ ਸਿੰਘ, ਮਨਜੀਤ ਸਿੰਘ,ਡੀ.ਡੀ.ਐਫ ਆਸੀਫ ਤੋਂ ਇਲਾਵਾ ਹੋਰ ਸਵੀਪ ਮੈਂਬਰ ਮੌਜੂਦ ਸਨ ।