ਬਠਿੰਡਾ, 15 ਮਈ (ਵੀਰਪਾਲ ਕੌਰ ): ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੇਵਾਮੁਕਤ ਆਈਏਐਸ ਬੀਬਾ ਪਰਮਪਾਲ ਕੌਰ ਸਿੱਧੂ ਮਲੂਕਾ ਨੇ ਕਿਹਾ ਕਿ ਪੰਜਾਬ ਵਿੱਚ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਪਛਤਾ ਰਹੇ ਹਨ। । ਇਸ਼ਤਿਹਾਰਾਂ ਵਿੱਚ ਕਰੋੜਾਂ ਰੁਪਏ ਬਰਬਾਦ ਕਰਨ ਵਾਲੀ ਆਪ ਸਰਕਾਰ ਹੁਣ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਲਈ ਵੀ ਕਰਜ਼ੇ ਲੈ ਰਹੀ ਹੈ। ਮਾਨ ਸਰਕਾਰ ਦਾ ਝੂਠ ਦਾ ਪੁਲੰਦਾ ਹੁਣ ਜਨਤਾ ਦੇ ਸਾਹਮਣੇ ਬੇਨਕਾਬ ਹੋ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਅਕਾਲੀ ਦਲ ਦੀ ਹੋਵੇ, ਕਾਂਗਰਸ ਦੀ ਜਾਂ ਆਮ ਆਦਮੀ ਪਾਰਟੀ ਦੀ ਹੋਵੇ ਕਿਸੇ ਨੇ ਨਾ ਤਾਂ ਪੰਜਾਬ ਦਾ ਵਿਕਾਸ ਕੀਤਾ ਤੇ ਨਾ ਹੀ ਨਸ਼ਾ ਖ਼ਤਮ ਕਰ ਸਕੇ, ਜੋ ਕਿ ਲੋਕਾਂ ਨੂੰ ਵੱਡੇ ਵੱਡੇ ਸਬਜਬਾਗ ਦਿਖਾ ਕੇ ਸੱਤਾ ‘ਚ ਆਏ ਸਭ ਨੇ ਮਜ਼ਦੂਰਾਂ ਅਤੇ ਕਿਸਾਨਾਂ ਦਾ ਸ਼ੋਸ਼ਣ ਕੀਤਾ ਹੈ। ਮਜ਼ਦੂਰਾਂ ਅਤੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਜੇਕਰ ਕਿਸੇ ਨੇ ਕੋਈ ਕੰਮ ਕੀਤਾ ਹੈ ਤਾਂ ਉਹ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਨੇ ਕੀਤਾ ਹੈ। ਹੁਣ ਜਨਤਾ ਨੂੰ ਪੀਐਮ ਮੋਦੀ ਤੋਂ ਸੂਬੇ ਦੇ ਵਿਕਾਸ ਲਈ ਹੀ ਉਮੀਦਾਂ ਹਨ। ਬੀਬਾ ਪਰਮਪਾਲ ਕੌਰ ਨੇ ਬੁੱਧਵਾਰ ਨੂੰ ਬਠਿੰਡਾ ਦੇ ਕੋਟ ਸ਼ਮੀਰ, ਜੱਸੀ ਪੌ ਵਾਲੀ, ਗਹਿਰੀ ਬੁੱਟਰ, ਕਟਾਰ ਸਿੰਘ ਵਾਲਾ, ਫੂਸ ਮੰਡੀ, ਭਾਗੂ ਅਤੇ ਹੋਰ ਥਾਵਾਂ ‘ਤੇ ਲੋਕ ਸੰਪਰਕ ਅਤੇ ਚੋਣ ਪ੍ਰਚਾਰ ਕੀਤਾ।
ਬੀਬਾ ਪਰਮਪਾਲ ਕੌਰ ਨੇ ਕਿਹਾ ਕਿ ਚਾਹੇ ਇਹ ਈ-ਸ਼ਰਮ ਕਾਰਡ, ਸ਼੍ਰਮਯੋਗੀ ਮਾਨਧਨ ਯੋਜਨਾ ਜਾਂ ਆਯੂਸ਼ਮਾਨ ਭਾਰਤ ਯੋਜਨਾ ਹੋਵੇ, ਇਨ੍ਹਾਂ ਨੇ ਨਾ ਸਿਰਫ਼ ਦੇਸ਼ ਬਲਕਿ ਪੰਜਾਬ ਦੇ ਲੱਖਾਂ ਮਜ਼ਦੂਰਾਂ ਅਤੇ ਕਿਸਾਨਾਂ ਦਾ ਜੀਵਨ ਸੁਖਾਲਾ ਕੀਤਾ ਹੈ। ਮਜ਼ਦੂਰਾਂ ਨੂੰ ਈ ਸ਼ਰਮ ਕਾਰਡ ਸਕੀਮ ਰਾਹੀਂ ਬੀਮਾ ਸਹੂਲਤ ਮਿਲੀ ਅਤੇ ਆਯੂਸ਼ਮਾਨ ਕਾਰਡ ਰਾਹੀਂ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਗਿਆ। ਹੁਣ ਸਮਾਂ ਆ ਗਿਆ ਹੈ ਕਿ ਬਠਿੰਡਾ ਅਤੇ ਪੰਜਾਬ ਦੇ ਹਰ ਮਜ਼ਦੂਰ, ਕਿਸਾਨ ਅਤੇ ਹੋਰ ਲੋਕਾਂ ਨੂੰ ਬਣਦਾ ਮਾਣ ਸਤਿਕਾਰ ਮਿਲੇ।
ਬੀਬਾ ਪਰਮਪਾਲ ਨੇ ਕਿਹਾ ਕਿ ਮੋਦੀ ਸਰਕਾਰ ਦੀ ਹਰ ਸਕੀਮ ਗਰੀਬਾਂ ਅਤੇ ਲੋੜਵੰਦਾਂ ਦੀ ਭਲਾਈ ਲਈ ਹੀ ਬਣਦੀ ਹੈ। ਆਯੂਸ਼ਮਾਨ ਕਾਰਡ ਦੇ ਰਾਹੀਂ ਮਜ਼ਦੂਰਾਂ ਦਾ ਇਲਾਜ ਮੁਫ਼ਤ ਜਾ ਰਿਹਾ ਹੈ। ਇਕੱਲੇ ਬਠਿੰਡਾ ਵਿੱਚ ਹੀ ਲੱਖਾਂ ਲੋਕ ਇਨ੍ਹਾਂ ਸਕੀਮਾਂ ਦਾ ਲਾਭ ਲੈ ਰਹੇ ਹਨ। ਬਠਿੰਡਾ ਦੇ ਏਮਜ਼ ਵਿੱਚ ਲੱਖਾਂ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਉਹ ਵੀ ਕੇਂਦਰ ਸਰਕਾਰ ਵੱਲੋਂ ਬਣਾਇਆ ਗਿਆ ਹੈ ਅਤੇ ਕੇਂਦਰੀ ਫੰਡਾਂ ਨਾਲ ਹੀ ਚਲਾਇਆ ਜਾ ਰਿਹਾ ਹੈ। ਜੀ.ਟੀ.ਰੋਡ ‘ਤੇ ਲੋਕਾਂ ਨਾਲ ਗੱਲਬਾਤ ਕਰਦਿਆਂ ਬੀਬਾ ਪਰਮਪਾਲ ਨੇ ਕਿਹਾ ਕਿ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਲਈ ਗਲਿਆਰਾ ਬਣਾਉਣ ਦਾ ਕੰਮ ਪੀਐਮ ਮੋਦੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸੰਪੂਰਨ ਵਿਕਾਸ ਜੇਕਰ ਕੋਈ ਕਰ ਸਕਦਾ ਹੈ ਤਾਂ ਉਹ ਭਾਜਪਾ ਪਾਰਟੀ ਹੀ ਹੈ।