ਚੰਡੀਗੜ੍ਹ, 15 ਮਈ : ਸ਼ਰਾਬ ਅਬਕਾਰੀ ਨੀਤੀ ਮਾਮਲੇ ‘ਚ ਜ਼ਮਾਨਤ ‘ਤੇ ਜੇਲ ਤੋਂ ਬਾਹਰ ਆਏ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ੍ਹ ਪੰਜਾਬ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਅੰਮ੍ਰਿਤਸਰ ਤੋਂ ਚੋਣ ਪ੍ਰਚਾਰ ਨੂੰ ਕਰਨਗੇ।
ਇਸ ਤੋਂ ਪਹਿਲਾਂ ਉਹ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਉਹ ਸ਼ਾਮ 6 ਵਜੇ ਇਕ ਰੋਡ ਸ਼ੋਅ ਵੀ ਕਰਨਗੇ। ਰੋਡ ਸ਼ੋਅ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹਿਣਗੇ। ਪੰਜਾਬ ਵਿਚ ਚੋਣਾਂ ਲਈ ਸਿਰਫ 15 ਦਿਨ ਬਚੇ ਹਨ। ਵੋਟਾਂ 1 ਜੂਨ ਨੂੰ ਪੈਣਗੀਆਂ।
ਅਜਿਹੇ ‘ਚ ਸੂਬੇ ‘ਚ ਸਿਆਸੀ ਪਾਰਾ ਵਧਣ ਦੀ ਸੰਭਾਵਨਾ ਹੈ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਭਾਵੇਂ ਇਹ ਪਹਿਲਾ ਪੰਜਾਬ ਦੌਰਾ ਹੈ ਪਰ ਜਦੋਂ ਉਹ ਜੇਲ੍ਹ ‘ਚ ਸਨ ਤਾਂ ਵੀ ਉਹ ਹਮੇਸ਼ਾ ਚੋਣਾਂ ਨੂੰ ਲੈ ਕੇ ਰਣਨੀਤੀ ਬਣਾਉਂਦੇ ਰਹੇ। ਇੰਨਾ ਹੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੋਣਾਂ ਨੂੰ ਲੈ ਕੇ ਕਰੀਬ ਇਕ ਮਹੀਨੇ ‘ਚ ਦੋ ਵਾਰ ਜੇਲ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕਰ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸੂਬੇ ਸਮੇਤ ਪੂਰੇ ਦੇਸ਼ ਦੇ ਸਿਆਸੀ ਮਾਹੌਲ ਤੋਂ ਜਾਣੂ ਕਰਵਾਇਆ ਗਿਆ ਸੀ।