ਤਰਨਤਾਰਨ, 2 ਮਾਰਚ 2024-ਤਰਨਤਾਰਨ ‘ਚ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਵਰਕਰ ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ। ਇਹ ਘਟਨਾ ਤਰਨਤਾਰਨ ਅਧੀਨ ਪੈਂਦੇ ਗੋਇੰਦਵਾਲ ਸਾਹਿਬ ਰੋਡ ‘ਤੇ ਸਥਿਤ ਰੇਲਵੇ ਫਾਟਕ ‘ਤੇ ਵਾਪਰੀ। ਗੁਰਪ੍ਰੀਤ ਸਿੰਘ ਤਰਨਤਾਰਨ ਤੋਂ ਗੋਇੰਦਵਾਲ ਸਾਹਿਬ ਜਾ ਰਿਹਾ ਸੀ। ਉਥੇ ਉਸ ਦੀ ਇਕ ਕੇਸ ਵਿਚ ਅਦਾਲਤ ’ਚ ਪੇਸ਼ੀ ਸੀ।ਇਸ ਘਟਨਾ ਮਗਰੋਂ ਪੁਲਿਸ ਹੱਥ ਅਹਿਮ ਸੀਸੀਟੀਵੀ ਫੁਟੇਜ ਲੱਗੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਰਪ੍ਰੀਤ ਸਿੰਘ ਗੋਪੀ ਦਾ ਕਤਲ ਕਰਨ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ ਦਾ ਸਵਿਫਟ ਕਾਰ ਵਿਚ ਪਿੱਛਾ ਕਰ ਰਹੇ ਸਨ। ਉਨ੍ਹਾਂ ਨੇ ਗੁਰਪ੍ਰੀਤ ਸਿੰਘ ਗੋਪੀ ਦੀ ਗੱਡੀ ਫਾਟਕ ਬੰਦ ਹੋਣ ਕਾਰਨ ਰੁਕਣ ਦਾ ਫਾਇਦਾ ਚੁੱਕਦਿਆਂ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ।
ਪੁਲਿਸ ਵਲੋਂ ਮ੍ਰਿਤਕ ਗੁਰਪ੍ਰੀਤ ਸਿੰਘ ਗੋਪੀ ਦੀ ਮਾਤਾ ਸੁਖਵਿੰਦਰ ਕੌਰ ਦੇ ਬਿਆਨਾਂ ਦੇ ਅਧਾਰ ’ਤੇ ਜਗਦੀਪ ਸਿੰਘ ਉਰਫ ਜੱਗੂ ਪੁੱਤਰ ਗੁਰਸ਼ਰਨ ਸਿੰਘ ਵਾਸੀ ਰਾਣੀ ਵਲਾਹ ਅਤੇ ਸਤਨਾਮ ਸਿੰਘ ਉਰਫ ਸੋਹਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਚੋਹਲਾ ਸਾਹਿਬ ਸਮੇਤ ਤਿੰਨ ਵਿਅਕਤੀਆਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ।
ਗੁਰਪ੍ਰੀਤ ਸਿੰਘ ਗੋਪੀ ਦਾ ਕਤਲ ਕਰਨ ਪਿੱਛੇ ਪੁਰਾਣੀ ਰੰਜਿਸ਼ ਨੂੰ ਕਾਰਨ ਦਸਿਆ ਜਾ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਕੁੱਝ ਸਮਾਂ ਜਗਦੀਪ ਸਿੰਘ ਉਰਫ ਜੱਗੂ ਦੀ ਗੁਰਪ੍ਰੀਤ ਸਿੰਘ ਗੋਪੀ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਵੀ ਹੋਈ ਸੀ। ਇਹ ਵੀ ਦਸਿਆ ਜਾ ਰਿਹਾ ਹੈ ਜੇਲ ਵਿਚ ਬੈਠੇ ਜਗਦੀਪ ਸਿੰਘ ਜੱਗੂ ਨੇ ਗੁਰਪ੍ਰੀਤ ਸਿੰਘ ਗੋਪੀ ਦਾ ਕਤਲ ਕਰਵਾਉਣ ਲਈ ਜੇਲ ਵਿਚ ਹੀ ਸਾਜਸ਼ ਘੜੀ ਗਈ ਸੀ।