ਨਵੀਂ ਦਿੱਲੀ, 2 ਮਾਰਚ 2024: ਸਾਬਕਾ ਕ੍ਰਿਕਟਰ ਅਤੇ ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਉਹ ਇਸ ਵਾਰ ਲੋਕ ਸਭਾ ਚੋਣ ਵੀ ਨਹੀਂ ਲੜਨਗੇ। ਉਨ੍ਹਾਂ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੂੰ ਪੱਤਰ ਲਿਖਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ।
ਉਨ੍ਹਾਂ ਨੇ ਸੋਸ਼ਲ ਸਾਈਟ ਐਕਸ ‘ਤੇ ਲਿਖਿਆ, ਮੈਂ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਮੇਰੇ ਸਿਆਸੀ ਫਰਜ਼ਾਂ ਤੋਂ ਮੁਕਤ ਕਰਨ ਦੀ ਬੇਨਤੀ ਕੀਤੀ ਹੈ, ਤਾਂ ਜੋ ਮੈਂ ਆਪਣੀਆਂ ਆਉਣ ਵਾਲੀਆਂ ਕ੍ਰਿਕਟ ਪ੍ਰਤੀਬੱਧਤਾਵਾਂ ‘ਤੇ ਧਿਆਨ ਦੇ ਸਕਾਂ। ਉਨ੍ਹਾਂ ਅੱਗੇ ਲਿਖਿਆ ਕਿ ਮੈਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦਾ ਹਾਂ। ਜੈ ਹਿੰਦ.
ਗੌਤਮ ਗੰਭੀਰ ਨੇ 3 ਦਸੰਬਰ 2018 ਨੂੰ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੇ ਰਾਜਨੀਤੀ ਵਿੱਚ ਆਉਣ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਅਤੇ ਉਹ 22 ਮਾਰਚ 2019 ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ। ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਨੇ ਉਨ੍ਹਾਂ ‘ਤੇ ਭਰੋਸਾ ਪ੍ਰਗਟਾਇਆ ਅਤੇ ਉਨ੍ਹਾਂ ਨੂੰ ਪੂਰਬੀ ਦਿੱਲੀ ਲੋਕ ਸਭਾ ਹਲਕੇ ਤੋਂ ਟਿਕਟ ਦਿੱਤੀ। ਗੌਤਮ ਗੰਭੀਰ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਸਨ। ਉਨ੍ਹਾਂ ‘ਆਪ’ ਉਮੀਦਵਾਰ ਆਤਿਸ਼ੀ ਮਾਰਲੇਨਾ ਅਤੇ ਕਾਂਗਰਸ ਉਮੀਦਵਾਰ ਅਰਵਿੰਦਰ ਸਿੰਘ ਲਵਲੀ ਨੂੰ 391222 ਵੋਟਾਂ ਨਾਲ ਹਰਾਇਆ। ਗੰਭੀਰ ਨੂੰ ਕਰੀਬ ਸੱਤ ਲੱਖ ਵੋਟਾਂ ਮਿਲੀਆਂ, ਜਦਕਿ ਦੂਜੇ ਨੰਬਰ ‘ਤੇ ਰਹੇ ਕਾਂਗਰਸੀ ਉਮੀਦਵਾਰ ਅਰਵਿੰਦਰ ਸਿੰਘ ਲਵਲੀ ਨੂੰ ਕਰੀਬ 3 ਲੱਖ ਵੋਟਾਂ ਮਿਲੀਆਂ। ਜਦਕਿ ‘ਆਪ’ ਉਮੀਦਵਾਰ ਆਤਿਸ਼ੀ ਨੂੰ 2 ਲੱਖ ਤੋਂ ਵੱਧ ਵੋਟਾਂ ਨਾਲ ਸਬਰ ਕਰਨਾ ਪਿਆ।