ਬਠਿੰਡਾ, 27 ਫਰਵਰੀ 2024 : ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਸਾਥੀ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ ਹੈ। ਕਥਿਤ ਦੋਸ਼ੀ ਕੋਲੋਂ ਨੌਂ ਐੱਮਐੱਮ ਦਾ ਪਿਸਤੌਲ, ਦਸ ਕਾਰਤੂਸ ਅਤੇ ਚਾਰ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਮੁਲਜਮ ਦੀ ਪਛਾਣ ਨਵਦੀਪ ਸਿੰਘ ਚੱਠਾ ਵਾਸੀ ਨੈਸ਼ਨਲ ਕਾਲੋਨੀ ਬਠਿੰਡਾ ਵਜੋਂ ਹੋਈ ਹੈ। ਪੁਲਿਸ ਅਨੁਸਾਰ ਮੁਲਜਮ ਬੀ ਕੈਟਾਗਰੀ ਦਾ ਗੈਂਗਸਟਰ ਹੈ। ਉਸਦੇ ਖਿਲਾਫ ਵੱਖ-ਵੱਖ ਥਾਣਿਆਂ ਵਿਚ 20 ਦੇ ਕਰੀਬ ਮੁਕਦਮੇ ਦਰਜ ਹਨ। ਇਸ ਸਬੰਧੀ ਐੱਸਪੀ ਡਿਟੈਕਟਿਵ ਅਜੇ ਗਾਂਧੀ ਨੇ ਦੱਸਿਆ ਹੈ ਕਿ ਨਵਦੀਪ ਚੱਠਾ ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਹੈ। ਕਥਿਤ ਦੋਸ਼ੀ ਬਾਹਰੋਂ ਅਸਲਾ ਮੰਗਵਾ ਕੇ ਮਾੜੇ ਅਨਸਰਾਂ ਨੂੰ ਸਪਲਾਈ ਕਰਦਾ ਸੀ। ਡੀਐੱਸਪੀ (ਤਲਵੰਡੀ ਸਾਬੋ) ਰਾਜੇਸ਼ ਸਨੇਹੀ ਅਨੁਸਾਰ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਪਾਰਟੀ ਸੂਚਨਾ ਮਿਲੀ ਸੀ ਕਿ ਬੀ ਕੈਟਾਗਰੀ ਦਾ ਗੈਂਗਸਟਰ ਨਵਦੀਪ ਚੱਠਾ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਿਹਾ ਹੈ। ਜਿਸ ’ਤੇ ਕਾਰਵਾਈ ਕਰਦਿਆਂ ਹੋਇਆਂ ਪੁਲਿਸ ਨੇ ਪੂਰੇ ਇਲਾਕੇ ਵਿਚ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਰਾਮਾ ਰੋਡ ਤੋਂ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਹੋਈ ਹੈ । ਇਸ ਕਾਰਵਾਈ ਦੌਰਾਨ ਮੁਲਜਮ ਦੇ ਕੋਲੋਂ ਇਕ ਪਿਸਤੌਲ 9 ਐੱਮਐੱਮ ਸਮੇਤ 10 ਕਾਰਤੂਸ ਅਤੇ 4 ਮੋਬਾਈਲ ਫੋਨ ਬਰਾਮਦ ਕੀਤੇ ਗਏ। ਕਥਿਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਸ ’ਤੇ ਚੱਲਦਿਆਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।