ਬਠਿੰਡਾ , 12 ਫਰਵਰੀ (ਵੀਰਪਾਲ ਕੌਰ)- ਗੋਨਿਆਣਾ ਰੋਡ ‘ਤੇ ਝੀਲ ਨੰਬਰ 3 ‘ਚ ਇਕ ਲੜਕੀ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਫਿਲਹਾਲ ਔਰਤ ਦੀ ਪਛਾਣ ਨਹੀਂ ਹੋ ਸਕੀ ਹੈ। ਝੀਲ ਦੇ ਬਾਹਰੋਂ ਉਸ ਦਾ ਮੋਬਾਈਲ ਫ਼ੋਨ, ਸਕੂਟਰੀ ਦੀ ਚਾਬੀ ਅਤੇ ਜੁੱਤੀਆਂ ਬਰਾਮਦ ਹੋਈਆਂ ਹਨ। ਪੁਲਿਸ ਵਲੋਂ ਮੁੱਢਲੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਬਠਿੰਡਾ ਦੇ ਮੁਰਦਾਘਰ ਵਿਚ ਰਖਵਾਇਆ ਹੈ।
ਪੁਲਿਸ ਨੇ ਸ਼ਨਾਖ਼ਤ ਲਈ ਯਤਨ ਸ਼ੁਰੂ ਕਰ ਦਿਤੇ ਹਨ। ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਗਿੱਲ ਨੇ ਦੱਸਿਆ ਕਿ ਸੰਸਥਾ ਦੇ ਹੈਲਪਲਾਈਨ ਨੰਬਰ ‘ਤੇ ਸੂਚਨਾ ਮਿਲੀ ਸੀ ਕਿ ਇਕ ਲੜਕੀ ਨੇ ਝੀਲ ਨੰਬਰ 3 ‘ਚ ਛਾਲ ਮਾਰ ਦਿਤੀ ਹੈ। ਸੂਚਨਾ ਮਿਲਦੇ ਹੀ ਸੰਸਥਾ ਦੇ ਵਰਕਰ ਐਂਬੂਲੈਂਸ ਲੈ ਕੇ ਮੌਕੇ ‘ਤੇ ਪਹੁੰਚੇ ਅਤੇ ਝੀਲ ‘ਚ ਤੈਰ ਰਹੀ ਲੜਕੀ ਨੂੰ ਤੁਰੰਤ ਬਾਹਰ ਕੱਢਿਆ ਅਤੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿਤਾ। ਇਸ ਸਬੰਧੀ ਥਾਣਾ ਥਰਮਲ ਪੁਲਿਸ ਨੂੰ ਸੂਚਨਾ ਦੇ ਦਿਤੀ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਥਰਮਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।