ਬਠਿੰਡਾ, 12 ਫਰਵਰੀ (ਵੀਰਪਾਲ ਕੌਰ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਕਰਮਚਾਰੀ ਰਾਜ ਬੀਮਾ ਨਿਗਮ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਵਿੱਚ ਸੰਸਥਾ ਦੇ 120 ਕਰਮਚਾਰੀਆਂ ਦਾ ਮੈਡੀਕਲ ਚੈਕਅੱਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ । ਇਸ ਮੌਕੇ ਈ.ਐਸ.ਆਈ.ਸੀ. ਯੋਜਨਾ ਤਹਿਤ ਬੀਮਾ ਧਾਰਕਾਂ ਨੂੰ ਈ.ਐਸ.ਆਈ.ਸੀ ਦੇ ਵੱਖ-ਵੱਖ ਹਿੱਤ ਲਾਭ ਦੇ ਨਾਲ-ਨਾਲ ਨਵੀਆਂ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਰਾਜ ਕੁਮਾਰ ਜੁਨੇਜਾ ਮੈਨੇਜਰ ਈ.ਐਸ.ਆਈ.ਸੀ., ਡਾ.ਹਰਲੀਨ ਕੌਰ ਮੈਡੀਕਲ ਅਫ਼ਸਰ, ਜਸਲੀਨ ਕੌਰ ਫਾਰਮਾਸਿਸਟ ਅਤੇ ਪਰਵੀਨ ਰਾਣੀ ਐਮ.ਐਲ.ਟੀ ਨੇ ਸ਼ਿਰਕਤ ਕੀਤੀ । ਬੀ.ਐਫ.ਜੀ.ਆਈ. ਦੇ ਐਚ.ਆਰ. ਵਿਭਾਗ ਦੀ ਪ੍ਰਬੰਧਕੀ ਟੀਮ ਵੱਲੋਂ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਈ.ਐਸ.ਆਈ.ਸੀ. ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾਉਣ ਬਾਰੇ ਇੱਛਾ ਜ਼ਾਹਿਰ ਕੀਤੀ। ਇਸ ਮੌਕੇ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਈ.ਐਸ.ਆਈ.ਸੀ. ਦੀ ਇਸ ਚੰਗੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਈ.ਐਸ.ਆਈ.ਸੀ. ਦੇ ਅਧਿਕਾਰੀਆਂ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ।